ਵੈਨਕੂਵਰ - ‘ਮੂਸਾ ਭੱਜਾ ਮੌਤ ਤੋਂ ਅੱਗੇ ਮੌਤ ਖੜੀ' ਵਾਲੀ ਪੰਜਾਬੀ ਦੀ ਪ੍ਰਸਿੱਧ ਕਹਾਵਤ ਪੁਲਸ ਵੱਲੋਂ ਕਾਬੂ ਕੀਤੇ ਗਏ ਇੱਕ ਵਿਅਕਤੀ ਨਾਲ ਹਾਲ ਹੀ 'ਚ ਵਾਪਰੀ ਦਿਲਚਸਪ ਘਟਨਾ 'ਤੇ ਢੁੱਕਦੀ ਜਾਪਦੀ ਹੈ। ਪ੍ਰਾਪਤ ਵੇਰਵਿਆਂ ਮੁਤਾਬਿਕ ਇੱਕ ਕੇਸ 'ਚ ਪੁਲਸ ਨੂੰ ਲੋੜੀਂਦਾ ਸੈਡਿਨ ਬਲੈਕਵੈਲ ਨਾਂ ਦਾ ਇੱਕ ਵਿਅਕਤੀ ਪੁਲਸ ਦੀ ਗ੍ਰਿਫਤ ਤੋਂ ਬਚਣ ਲਈ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਹੋਪ ਇਲਾਕੇ ਦੇ ਪਹਾੜੀ ਜੰਗਲ 'ਚ ਲੁਕਿਆ ਹੋਇਆ ਸੀ।
ਇਸੇ ਦੌਰਾਨ ਜੰਗਲ ਨੂੰ ਅੱਗ ਲੱਗ ਗਈ, ਜਿਸ ਤੇ ਕਾਬੂ ਪਾਉਣ ਲਈ ਰੁਝੀਆਂ ਬਚਾਅ ਕਾਰਜ ਦੀਆਂ ਟੀਮਾਂ ਨੂੰ ਹੈਲੀਕਾਪਟਰ ਤੋਂ ਦੂਰਬੀਨ ਰਾਹੀਂ ਅੱਗ ਦੇ ਬਚਾਅ ਲਈ ਇੱਕ ਵਿਅਕਤੀ ਵੱਡੀ ਚਟਾਨ 'ਤੇ ਖੜਾ ਦਿਖਾਈ ਦਿੱਤਾ ਤਾਂ ਬਚਾਅ ਕਾਰਜ ਟੀਮਾਂ ਵੱਲੋਂ ਉਸ ਵਿਅਕਤੀ ਨੂੰ ਤੁਰੰਤ ਉਥੋਂ ਸੁਰੱਖਿਅਤ ਕੱਢਿਆ ਗਿਆ। ਜਦੋਂ ਉਸ ਦੀ ਡੁੰਘਾਈ ਨਾਲ ਜਾਂਚ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਉਸ ਦੇ ਗ੍ਰਿਫਤਾਰ ਵਾਰੰਟ ਜਾਰੀ ਹੋਏ ਹਨ। ਜਿਸ ਮਗਰੋਂ ਪੁਲਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕਰ ਦਿੱਤਾ ਗਿਆ।