ਦੋਰਾਹਾ (ਪੱਤਰ ਪ੍ਰੇਰਕ) : ਪਾਇਲ ਹਲਕੇ ਦੇ ਮਹੱਤਵਪੂਰਨ ਸ਼ਹਿਰ ਦੋਰਾਹਾ ਵਿੱਚ 26 ਮਈ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਿਆ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ਉਮੀਦਵਾਰ ਲੋਕਾਂ ਤੱਕ ਪਹੁੰਚ ਬਣਾਉਣ ਵਿੱਚ ਜੁਟੇ ਹੋਏ ਹਨ। ਇਸ ਚੋਣ ਮੈਦਾਨ ਵਿੱਚ ਮੁੱਖ ਤੌਰ ’ਤੇ ਕਾਂਗਰਸ, ਆਮ ਆਦਮੀ ਪਾਰਟੀ ,ਸ਼੍ਰੋਮਣੀ ਅਕਾਲੀ ਦਲ,ਵਾਰਿਸ ਏ ਪੰਜਾਬ, ਭਾਰਤੀ ਜਨਤਾ ਪਾਰਟੀ ਅਤੇ ਦੇ ਉਮੀਦਵਾਰਾਂ ਵਿਚਾਲੇ ਕੜੇ ਟੱਕਰ ਵਾਲੇ ਮੁਕਾਬਲੇ ਦੇ ਆਸਾਰ ਨਜ਼ਰ ਆ ਰਹੇ ਹਨ।ਚੋਣੀ ਮਾਹੌਲ ਦੇ ਨਾਲ-ਨਾਲ ਹੁਣ ਇੱਕ ਦੂਜੇ ’ਤੇ ਇਲਜ਼ਾਮਬਾਜ਼ੀ ਅਤੇ ਬਿਆਨਬਾਜ਼ੀ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਕਈ ਵਾਰ ਸਿਆਸੀ ਲਾਭ ਲਈ ਆਗੂਆਂ ਅਤੇ ਸਮਰਥਕਾਂ ਵੱਲੋਂ ਨਿੱਜੀ ਟਿੱਪਣੀਆਂ ਅਤੇ ਆਪਸੀ ਤਣਾਅ ਪੈਦਾ ਕਰਨ ਵਾਲੇ ਬਿਆਨ ਵੀ ਸਾਹਮਣੇ ਆਉਂਦੇ ਹਨ, ਜੋ ਕਿ ਲੋਕਤੰਤਰ ਦੀ ਮਰਯਾਦਾ ਦੇ ਅਨੁਕੂਲ ਨਹੀਂ ਮੰਨੇ ਜਾਂਦੇ। ਚੋਣ ਪ੍ਰਚਾਰ ਦੌਰਾਨ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਹੈ, ਨਾ ਕਿ ਵਿਅਕਤੀਗਤ ਆਲੋਚਨਾ ਦੀ।ਲੋਕਾਂ ਨੂੰ ਵੀ ਇਹ ਉਮੀਦ ਰਹਿੰਦੀ ਹੈ ਕਿ ਸਿਆਸੀ ਪਾਰਟੀਆਂ ਆਪਣੇ ਕੰਮ, ਨੀਤੀਆਂ ਅਤੇ ਭਵਿੱਖੀ ਯੋਜਨਾਵਾਂ ਦੇ ਆਧਾਰ ’ਤੇ ਵੋਟ ਮੰਗਣ। ਜੇਕਰ ਕੋਈ ਪਾਰਟੀ ਆਪਣਾ ਪੱਖ ਸਾਫ਼ਗੋਈ ਅਤੇ ਸੱਭਿਆਚਾਰਕ ਢੰਗ ਨਾਲ ਲੋਕਾਂ ਸਾਹਮਣੇ ਰੱਖਦੀ ਹੈ ਤਾਂ ਇਸ ਨਾਲ ਲੋਕਤੰਤਰ ਹੋਰ ਮਜ਼ਬੂਤ ਹੁੰਦਾ ਹੈ। ਆਖ਼ਰੀ ਫ਼ੈਸਲਾ ਤਾਂ ਵੋਟਰਾਂ ਨੇ ਹੀ ਕਰਨਾ ਹੁੰਦਾ ਹੈ ਅਤੇ ਵੋਟਰ ਹਰ ਹਾਲਾਤ ਨੂੰ ਬਖ਼ੂਬੀ ਸਮਝਦੇ ਹਨ।ਹਾਰ ਜਾਂ ਜਿੱਤ ਸਿਆਸਤ ਦਾ ਹਿੱਸਾ ਹੈ, ਪਰ ਆਪਸੀ ਇੱਜ਼ਤ ਅਤੇ ਸਮਾਜਕ ਭਾਈਚਾਰੇ ਨੂੰ ਕਾਇਮ ਰੱਖਣਾ ਸਭ ਤੋਂ ਵੱਧ ਜ਼ਰੂਰੀ ਹੈ। ਚੋਣਾਂ ਕੁਝ ਦਿਨਾਂ ਦਾ ਮਾਹੌਲ ਹੁੰਦੀਆਂ ਹਨ, ਜਦਕਿ ਸਮਾਜ ਵਿੱਚ ਇਕੱਠੇ ਰਹਿਣਾ ਸਾਰੀ ਉਮਰ ਦਾ ਰਿਸ਼ਤਾ ਹੁੰਦਾ ਹੈ। ਚੋਣਾਂ ਤੋਂ ਬਾਅਦ ਵੀ ਲੋਕਾਂ ਨੇ ਆਪਸੀ ਸਾਂਝ, ਦੁੱਖ-ਸੁੱਖ ਅਤੇ ਸਮਾਜਕ ਰਿਸ਼ਤੇ ਨਿਭਾਉਣੇ ਹੁੰਦੇ ਹਨ।ਇਸ ਲਈ ਲੋੜ ਇਸ ਗੱਲ ਦੀ ਹੈ ਕਿ ਸਾਰੀਆਂ ਸਿਆਸੀ ਧਿਰਾਂ ਅਤੇ ਉਮੀਦਵਾਰ ਚੋਣ ਪ੍ਰਚਾਰ ਦੌਰਾਨ ਸੰਯਮ ਅਤੇ ਸਿਆਸੀ ਸੱਭਿਆਚਾਰ ਦਾ ਪ੍ਰਦਰਸ਼ਨ ਕਰਨ। ਲੋਕਤੰਤਰ ਦੀ ਖੂਬਸੂਰਤੀ ਵੀ ਇਸੇ ਵਿੱਚ ਹੈ ਕਿ ਵਿਚਾਰਾਂ ਦੀ ਲੜਾਈ ਹੋਵੇ, ਦਿਲਾਂ ਦੀ ਨਹੀਂ। ਚੋਣ ਨਤੀਜੇ ਜੋ ਵੀ ਆਉਣ, ਉਹਨਾਂ ਨੂੰ ਖਿੜੇ ਮੱਥੇ ਸਵੀਕਾਰ ਕਰਕੇ ਇਲਾਕੇ ਵਿੱਚ ਅਮਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਪਹਿਲ ਦੇਣੀ ਚਾਹੀਦੀ ਹੈ।