ਸ਼ਹੀਦ ਭਗਤ ਸਿੰਘ ਨਗਰ (ਮਨੋਰੰਜਨ ਕਾਲੀਆ) : ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਦੇ ਅਧੀਨ ਮਾਈ ਭਾਰਤ ਵੱਲੋਂ ਵਿਕਸਿਤ ਭਾਰਤ ਯੂਥ ਪਾਰਲੀਮੈਂਟ (VBYLD) 2026-27 ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਜ਼ਿਲ੍ਹਾ ਯੂਥ ਅਫ਼ਸਰ ਅਸ਼ੀਸ਼ ਪਾਲ ਨੇ ਦਿੰਦਿਆ ਦੱਸਿਆ ਕਿ ਇਹ ਪ੍ਰਮੁੱਖ ਰਾਸ਼ਟਰੀ ਪੱਧਰ ਦੀ ਪਹਿਲ ਹੈ, ਜਿਸ ਦਾ ਉਦੇਸ਼ ਨੌਜਵਾਨਾਂ ਵਿੱਚ ਲੀਡਰਸ਼ਿਪ ਦੇ ਗੁਣਾਂ, ਲੋਕਤੰਤਰੀ ਭਾਗੀਦਾਰੀ ਅਤੇ ਨਾਗਰਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ।
ਜ਼ਿਲ੍ਹਾ ਯੂਥ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਵਿਕਸਿਤ ਭਾਰਤ ਯੂਥ ਪਾਰਲੀਮੈਂਟ ਦਾ ਆਯੋਜਨ 2 ਨਵੰਬਰ 2026 ਨੂੰ ਐੱਸ.ਡੀ.ਐੱਸ. ਸਰਕਾਰੀ ਕਾਲਜ, ਜਾਡਲਾ, ਸ਼ਹੀਦ ਭਗਤ ਸਿੰਘ ਨਗਰ ਵਿਖੇ ਕੀਤਾ ਜਾਵੇਗਾ। ਜ਼ਿਲ੍ਹਾ ਪੱਧਰੀ ਮੁਕਾਬਲੇ ਦਾ ਵਿਸ਼ਾ "ਇੱਕ ਦੇਸ਼, ਇੱਕ ਚੋਣ" (One Nation, One Election) ਹੋਵੇਗਾ। ਜ਼ਿਲ੍ਹੇ ਦੇ 18 ਤੋਂ 25 ਸਾਲ ਦੀ ਉਮਰ ਦੇ ਨੌਜਵਾਨ, ਜਿਨ੍ਹਾਂ ਦੀ ਉਮਰ 17 ਅਗਸਤ 2026 ਨੂੰ ਨਿਰਧਾਰਤ ਉਮਰ ਸੀਮਾ ਅਨੁਸਾਰ ਹੋਵੇ, ਇਸ ਮੁਕਾਬਲੇ ਵਿੱਚ ਭਾਗ ਲੈ ਸਕਦੇ ਹਨ। ਭਾਗੀਦਾਰਾਂ ਨੂੰ ਰਾਸ਼ਟਰੀ ਮਹੱਤਵ ਦੇ ਵਿਸ਼ੇ ਉੱਤੇ ਆਪਣੇ ਵਿਚਾਰ ਪੇਸ਼ ਕਰਨ ਲਈ ਤਿੰਨ ਮਿੰਟ ਦਾ ਸਮਾਂ ਦਿੱਤਾ ਜਾਵੇਗਾ। ਨੌਜਵਾਨ ਆਪਣੇ ਵਿਚਾਰ ਅੰਗਰੇਜ਼ੀ, ਹਿੰਦੀ ਜਾਂ ਪੰਜਾਬੀ ਭਾਸ਼ਾ ਵਿੱਚ ਪੇਸ਼ ਕਰ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਜਿਊਰੀ ਵੱਲੋਂ ਵਿਸ਼ੇ ਨਾਲ ਸਬੰਧਤ ਸਮੱਗਰੀ, ਵਿਚਾਰਾਂ ਦੀ ਸਪਸ਼ਟਤਾ ਅਤੇ ਬਣਤਰ, ਬੋਲਣ ਦੇ ਢੰਗ ਅਤੇ ਸਰੀਰਕ ਹਾਵ-ਭਾਵ, ਨਵੀਨਤਾ ਅਤੇ ਸਿਰਜਣਾਤਮਕਤਾ, ਭਾਸ਼ਾ ਅਤੇ ਪ੍ਰਵਾਹ ਅਤੇ ਨਿਰਧਾਰਤ ਸਮੇਂ ਦੀ ਪਾਲਣਾ ਦੇ ਆਧਾਰ 'ਤੇ ਕੀਤਾ ਜਾਵੇਗਾ। ਭਾਗ ਲੈਣ ਵਾਲੇ ਨੌਜਵਾਨਾਂ ਲਈ ਜਨਮ ਮਿਤੀ ਦੇ ਸਬੂਤ ਵਜੋਂ ਦਸਵੀਂ ਜਮਾਤ ਦਾ ਸਰਟੀਫਿਕੇਟ ਅਤੇ ਪਛਾਣ ਦੇ ਸਬੂਤ ਵਜੋਂ ਆਧਾਰ ਕਾਰਡ ਲਿਆਉਣਾ ਲਾਜ਼ਮੀ ਹੋਵੇਗਾ। ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਮਾਈ ਭਾਰਤ ਪੋਰਟਲ ਰਾਹੀਂ ਕੀਤੀ ਜਾਵੇਗੀ। ਜ਼ਿਲ੍ਹਾ ਪੱਧਰ 'ਤੇ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਭਾਗੀਦਾਰ ਅਗਲੇ ਪੜਾਅ, ਅਰਥਾਤ ਰਾਜ ਪੱਧਰੀ ਮੁਕਾਬਲੇ ਲਈ ਯੋਗ ਹੋਣਗੇ।
ਉਨ੍ਹਾਂ ਦੱਸਿਆ ਕਿ ਵਿਕਸਿਤ ਭਾਰਤ ਯੂਥ ਪਾਰਲੀਮੈਂਟ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਦੇਸ਼ ਦੇ 786 ਜ਼ਿਲ੍ਹਿਆਂ ਵਿੱਚ ਕਰਵਾਏ ਜਾਣਗੇ। ਇਸ ਤੋਂ ਬਾਅਦ ਰਾਜ ਪੱਧਰੀ ਮੁਕਾਬਲੇ ਅਤੇ ਰਾਸ਼ਟਰੀ ਪੱਧਰ ਦਾ ਮੁਕਾਬਲਾ ਕਰਵਾਇਆ ਜਾਵੇਗਾ। ਰਾਸ਼ਟਰੀ ਪੱਧਰ ਦਾ ਮੁਕਾਬਲਾ ਆਰਜ਼ੀ ਤੌਰ 'ਤੇ 9 ਅਤੇ 10 ਜਨਵਰੀ 2027 ਨੂੰ ਨਵੀਂ ਦਿੱਲੀ ਵਿਖੇ ਸੰਵਿਧਾਨ ਸਦਨ ਦੇ ਕੇਂਦਰੀ ਹਾਲ ਵਿੱਚ ਕਰਵਾਇਆ ਜਾਣਾ ਨਿਰਧਾਰਤ ਹੈ। ਵਿਕਸਿਤ ਭਾਰਤ ਯੂਥ ਪਾਰਲੀਮੈਂਟ ਨੌਜਵਾਨਾਂ ਨੂੰ ਰਾਸ਼ਟਰੀ ਤਰਜੀਹਾਂ ਬਾਰੇ ਵਿਚਾਰ-ਵਟਾਂਦਰਾ ਕਰਨ, ਨਵੇਂ ਅਤੇ ਸਿਰਜਣਾਤਮਕ ਵਿਚਾਰ ਸਾਂਝੇ ਕਰਨ, ਨੀਤੀ ਨਿਰਮਾਤਾਵਾਂ ਨਾਲ ਸੰਵਾਦ ਕਰਨ ਅਤੇ ਵਿਕਸਿਤ ਭਾਰਤ @2047 ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਯੋਗਦਾਨ ਪਾਉਣ ਲਈ ਇੱਕ ਰਾਸ਼ਟਰੀ ਮੰਚ ਪ੍ਰਦਾਨ ਕਰਦੀ ਹੈ। ਇਸ ਪਹਿਲ ਰਾਹੀਂ ਮਹਿਲਾਵਾਂ ਅਤੇ ਸਮਾਜ ਦੇ ਹਾਸ਼ੀਏ 'ਤੇ ਰਹਿੰਦੇ ਵਰਗਾਂ ਦੀ ਭਾਗੀਦਾਰੀ ਨੂੰ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ। ਯੂਥ ਪਾਰਲੀਮੈਂਟ ਦੇ ਪਿਛਲੇ ਐਡੀਸ਼ਨਾਂ ਦੇ ਰਾਸ਼ਟਰੀ ਪੱਧਰ ਦੇ ਫਾਈਨਲਿਸਟ ਅਗਲੇ ਐਡੀਸ਼ਨਾਂ ਵਿੱਚ ਭਾਗ ਲੈਣ ਦੇ ਯੋਗ ਨਹੀਂ ਹੋਣਗੇ।
ਉਨ੍ਹਾਂ ਦੱਸਿਆ ਕਿ ਮਾਈ ਭਾਰਤ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਜ਼ਿਲ੍ਹੇ ਦੇ ਸਾਰੇ ਯੋਗ ਨੌਜਵਾਨਾਂ ਨੂੰ ਇਸ ਪਹਿਲ ਵਿੱਚ ਵੱਧ-ਚੜ੍ਹ ਕੇ ਭਾਗ ਲੈਣ, ਰਾਸ਼ਟਰੀ ਮਹੱਤਵ ਦੇ ਮੁੱਦਿਆਂ 'ਤੇ ਆਪਣੇ ਵਿਚਾਰ ਪੇਸ਼ ਕਰਨ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਦੇਸ਼ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਅਤੇ ਹੋਰ ਜਾਣਕਾਰੀ ਲਈ ਯੋਗ ਨੌਜਵਾਨ ਮਾਈ ਭਾਰਤ ਪੋਰਟਲ 'ਤੇ ਜਾ ਸਕਦੇ ਹਨ ਜਾਂ ਫਿਰ ਮੋਬਾਇਲ ਨੰ: 9478628594 ਅਤੇ 6239452214 ’ਤੇ ਸੰਪਰਕ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹਨ।