ਬੀਤੇ ਕੁਝ ਦਿਨਾਂ ਤੋਂ ਰੂਸ ਤੋਂ ਤੇਲ ਖ਼ਰੀਦਣ ਕਾਰਨ ਭਾਰਤ ਤੇ ਅਮਰੀਕਾ ਵਿਚਾਲੇ 'ਟੈਰਿਫ਼' ਤਣਾਅ ਵਧਿਆ ਹੋਇਆ ਹੈ। ਇਸੇ ਦੌਰਾਨ ਰੂਸ ਦਾ ਕਹਿਣਾ ਹੈ ਕਿ ਉਸ ਦੇ ਕੱਚੇ ਤੇਲ ਦਾ ਕੋਈ ਬਦਲ ਨਹੀਂ ਹੈ ਕਿਉਂਕਿ ਇਹ ਬਹੁਤ ਸਸਤਾ ਹੈ। ਇਹ ਗੱਲ ਸੀਨੀਅਰ ਰੂਸੀ ਡਿਪਲੋਮੈਟ ਰੋਮਨ ਬਾਬੂਸ਼ਕਿਨ ਨੇ ਕਹੀ।
ਉਨ੍ਹਾਂ ਕਿਹਾ ਕਿ ਰੂਸੀ ਕੱਚੇ ਤੇਲ ’ਤੇ ਭਾਰਤ ਨੂੰ ਲੱਗਭਗ 5 ਫੀਸਦੀ ਦੀ ਛੋਟ ਮਿਲ ਰਹੀ ਹੈ। ਭਾਰਤ ਇਸ ਗੱਲ ਨੂੰ ਸਮਝਦਾ ਹੈ ਕਿ ਤੇਲ ਸਪਲਾਈ ਨੂੰ ਬਦਲਣ ਦਾ ਕੋਈ ਬਦਲ ਨਹੀਂ ਹੈ ਕਿਉਂਕਿ ਇਸ ਤੋਂ ਉਸ ਨੂੰ ਬਹੁਤ ਜ਼ਿਆਦਾ ਲਾਭ ਹੋ ਰਿਹਾ ਹੈ। ਭਾਰਤ ’ਤੇ ਅਮਰੀਕੀ ਦਬਾਅ ਨੂੰ ਵੀ ਰੂਸ ਨੇ ਗਲਤ ਦੱਸਿਆ ਹੈ। ਇਹ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਵਿਗੜ ਰਹੇ ਹਨ।
ਜ਼ਿਕਰਯੋਗ ਹੈ ਕਿ ਅਮਰੀਕਾ ਨੇ ਭਾਰਤ ’ਤੇ ਰੂਸੀ ਤੇਲ ਖਰੀਦਣ ਕਾਰਨ 50 ਫ਼ੀਸਦੀ ਟੈਰਿਫ ਲਗਾਇਆ ਹੈ। ਬਾਬੂਸ਼ਕਿਨ ਨੇ ਕਿਹਾ ਕਿ ਭਾਰਤ ਲਈ ਇਹ ਇਕ ਚੁਣੌਤੀਪੂਰਨ ਸਥਿਤੀ ਹੈ ਪਰ ਸਾਨੂੰ ਭਾਰਤ ਨਾਲ ਆਪਣੇ ਸਬੰਧਾਂ ਵਿਚ ਭਰੋਸਾ ਹੈ। ਸਾਨੂੰ ਵਿਸ਼ਵਾਸ ਹੈ ਕਿ ਬਾਹਰੀ ਦਬਾਅ ਦੇ ਬਾਵਜੂਦ ਭਾਰਤ ਰੂਸ ਤੋਂ ਤੇਲ ਖਰੀਦਣਾ ਜਾਰੀ ਰੱਖੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਭਾਰਤੀ ਸਾਮਾਨ ਅਮਰੀਕੀ ਬਾਜ਼ਾਰ ਵਿਚ ਨਹੀਂ ਜਾ ਸਕਦਾ ਤਾਂ ਉਹ ਰੂਸ ਆ ਸਕਦਾ ਹੈ।
ਭਾਰਤ ਰੂਸੀ ਕੱਚੇ ਤੇਲ ਦੀ ਆਪਣੀ ਖਰੀਦ ਦਾ ਬਚਾਅ ਕਰਦੇ ਹੋਏ ਇਹ ਕਹਿੰਦਾ ਰਿਹਾ ਹੈ ਕਿ ਉਸ ਦੀ ਊਰਜਾ ਖਰੀਦ ਰਾਸ਼ਟਰੀ ਹਿੱਤ ਅਤੇ ਬਾਜ਼ਾਰ ਦੀ ਗਤੀਸ਼ੀਲਤਾ ਤੋਂ ਪ੍ਰੇਰਿਤ ਹੈ। ਫਰਵਰੀ 2022 ਵਿਚ ਯੂਕ੍ਰੇਨ ’ਤੇ ਹਮਲੇ ਤੋਂ ਬਾਅਦ ਪੱਛਮੀ ਦੇਸ਼ਾਂ ਨੇ ਮਾਸਕੋ ਉੱਤੇ ਪਾਬੰਦੀਆਂ ਲਗਾ ਦਿੱਤੀਆਂ ਸਨ ਅਤੇ ਕੱਚੇ ਤੇਲ ਦੀ ਸਪਲਾਈ ਬੰਦ ਕਰ ਦਿੱਤੀ ਸੀ, ਜਿਸ ਤੋਂ ਬਾਅਦ ਭਾਰਤ ਨੇ ਘੱਟ ਕੀਮਤ ’ਤੇ ਰੂਸੀ ਤੇਲ ਖਰੀਦਣਾ ਸ਼ੁਰੂ ਕਰ ਦਿੱਤਾ ਸੀ।
ਨਤੀਜੇ ਵਜੋਂ ਕੁੱਲ ਤੇਲ ਦਰਾਮਦ ਵਿਚ ਰੂਸ ਦੀ ਹਿੱਸੇਦਾਰੀ 2024-25 ਵਿਚ ਵੱਧ ਕੇ 35.1 ਫੀਸਦੀ ਹੋ ਗਈ ਜੋ 2019-2020 ਵਿਚ ਸਿਰਫ 1.7 ਫੀਸਦੀ ਸੀ। ਬਾਬੂਸ਼ਕਿਨ ਨੇ ਕਿਹਾ ਕਿ ਦੋਵੇਂ ਧਿਰਾਂ 2030 ਤੱਕ ਦੁਵੱਲੇ ਵਪਾਰ ਨੂੰ 100 ਅਰਬ ਅਮਰੀਕੀ ਡਾਲਰ ਤੱਕ ਲਿਜਾਣ ਲਈ ਵਚਨਬੱਧ ਹਨ।