ਨਵਾਸ਼ਹਿਰ (ਮਨੋਰੰਜਨ ਕਾਲੀਆ) : ਬੀ.ਐਲ.ਐਮ. ਗਰਲਜ਼ ਕਾਲਜ, ਨਵਾਂਸ਼ਹਿਰ ਦੇ ਕਾਮਰਸ ਵਿਭਾਗ ਵੱਲੋਂ ਮੋਹਿਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਸਹਿਯੋਗ ਨਾਲ ਇੰਟਰਨਸ਼ਿਪ ਸਫਲਤਾਪੂਰਵਕ ਪੂਰੀ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਵੰਡਣ ਲਈ ਇੱਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਇੰਟਰਨਸ਼ਿਪ ਪ੍ਰੋਗਰਾਮ ਵਿੱਚ ਬੀ.ਕਾਮ., ਬੀ.ਏ. ਅਤੇ ਬੀ.ਐੱਸ.ਸੀ. (ਇਕਨਾਮਿਕਸ) ਦੀਆਂ ਕੁੱਲ 43 ਵਿਦਿਆਰਥਣਾਂ ਨੇ ਭਾਗ ਲਿਆ। ਇਹ ਪ੍ਰੋਗਰਾਮ ਮੋਹਿਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਸੰਸਥਾਪਕ ਸ਼੍ਰੀ ਮੋਹਿਤ ਢੱਲ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥਣਾਂ ਨੂੰ ਮਿਊਚੁਅਲ ਫੰਡ ਅਤੇ ਸਟਾਕ ਮਾਰਕੀਟ ਸਬੰਧੀ ਵਿਹਾਰਕ ਸਿਖਲਾਈ ਦਿੱਤੀ ਗਈ, ਜਿਸ ਨਾਲ ਉਨ੍ਹਾਂ ਨੂੰ ਵਿੱਤੀ ਯੋਜਨਾਬੰਦੀ ਅਤੇ ਨਿਵੇਸ਼ ਦੇ ਖੇਤਰ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੋਈ। ਸ਼੍ਰੀ ਮੋਹਿਤ ਢੱਲ ਆਪਣੀ ਧਰਮਪਤਨੀ ਸ਼੍ਰੀਮਤੀ ਨੇਹਾ ਢੱਲ ਸਮੇਤ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਇੰਟਰਨਸ਼ਿਪ ਸਫਲਤਾਪੂਰਵਕ ਪੂਰੀ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਵੰਡੇ। ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਤਰਨਪ੍ਰੀਤ ਕੌਰ ਵਾਲੀਆ ਅਤੇ ਕਾਮਰਸ ਵਿਭਾਗ ਦੇ ਅਧਿਆਪਕਾਂ ਪ੍ਰੋ. ਪਰਮਪ੍ਰਿਆ ਅਤੇ ਪ੍ਰੋ. ਰਮਨਦੀਪ ਕੌਰ ਨੇ ਮੋਹਿਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥਣਾਂ ਨੂੰ ਉਦਯੋਗਿਕ ਖੇਤਰ ਨਾਲ ਸਬੰਧਤ ਵਿਹਾਰਕ ਗਿਆਨ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਵਿੱਤੀ ਤੌਰ 'ਤੇ ਜਾਗਰੂਕ ਅਤੇ ਆਤਮ-ਨਿਰਭਰ ਬਣਾਉਣ ਵਿੱਚ ਵੀ ਸਹਾਇਕ ਸਿੱਧ ਹੁੰਦੇ ਹਨ। ਇਸ ਮੌਕੇ ਵਿਦਿਆਰਥਣਾਂ ਨੇ ਵੀ ਆਪਣੇ ਇੰਟਰਨਸ਼ਿਪ ਦੌਰਾਨ ਪ੍ਰਾਪਤ ਕੀਤੇ ਤਜਰਬਿਆਂ ਅਤੇ ਸਿੱਖਿਆ ਬਾਰੇ ਆਪਣੇ ਸਕਾਰਾਤਮਕ ਵਿਚਾਰ ਸਾਂਝੇ ਕੀਤੇ।