ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-17 ਸਥਿਤ ਐੱਚ. ਜੀ. ਪੈਟਰੋ ਕੇਅਰ ਪੈਟਰੋਲ ਪੰਪ ਵੱਲੋਂ ਸੋਮਵਾਰ ਸਵੇਰੇ ਬਿਨਾਂ ਕਿਸੇ ਪ੍ਰਸ਼ਾਸਨਿਕ ਹੁਕਮ ਦੇ ਤੇਲ ਭਰਵਾਉਣ ਦੀ ਲਿਮਟ ਤੈਅ ਕਰਨ ਦਾ ਪੋਸਟਰ ਲਗਾਉਣ ਕਾਰਨ ਸ਼ਹਿਰ ਦੇ ਲੋਕਾਂ 'ਚ ਭਾਰੀ ਦਹਿਸ਼ਤ ਫੈਲ ਗਈ। ਪੰਪ ਵੱਲੋਂ ਲਗਾਏ ਗਏ ਪੋਸਟਰ 'ਚ ਦੋਪਹੀਆ ਵਾਹਨਾਂ ਲਈ 500 ਰੁਪਏ ਅਤੇ ਕਾਰਾਂ ਸਮੇਤ ਹੋਰ ਵੱਡੇ ਵਾਹਨਾਂ ਲਈ 1500 ਰੁਪਏ ਤੱਕ ਦੇ ਤੇਲ ਦੀ ਹੱਦ ਤੈਅ ਕੀਤੀ ਗਈ ਸੀ। ਹਾਲਾਂਕਿ ਮਾਮਲਾ ਪ੍ਰਸ਼ਾਸਨ ਦੇ ਧਿਆਨ 'ਚ ਆਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਨੇ ਸਪੱਸ਼ਟ ਕੀਤਾ ਕਿ ਪ੍ਰਸ਼ਾਸਨ ਵੱਲੋਂ ਤੇਲ ਦੀ ਵਿਕਰੀ 'ਤੇ ਅਜਿਹੀ ਕੋਈ ਪਾਬੰਦੀ ਜਾਂ ਲਿਮਟ ਨਹੀਂ ਲਗਾਈ ਗਈ ਹੈ। ਮਾਮਲੇ ਦੇ ਵਾਇਰਲ ਹੋਣ ਤੋਂ ਬਾਅਦ ਪੰਪ ਤੋਂ ਇਹ ਪੋਸਟਰ ਤੁਰੰਤ ਹਟਾ ਦਿੱਤਾ ਗਿਆ ਹੈ ਅਤੇ ਹੁਣ ਲੋਕਾਂ ਨੂੰ ਆਮ ਵਾਂਗ ਤੇਲ ਮਿਲ ਰਿਹਾ ਹੈ।
ਕੀ ਕਿਹਾ ਪੈਟਰੋਲ ਪੰਪ ਦੇ ਮੈਨੇਜਰ ਨੇ
ਇਸ ਪੂਰੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਪੈਟਰੋਲ ਪੰਪ ਦੇ ਮੈਨੇਜਰ ਕੁਲਵਿੰਦਰ ਸਿੰਘ ਨੇ 'ਜਗਬਾਣੀ' ਨਾਲ ਗੱਲਬਾਤ ਕਰਦਿਆ ਦੱਸਿਆ ਕਿ ਪਿੱਛੋਂ ਤੇਲ ਦੀ ਸਪਲਾਈ ਘੱਟ ਆਉਣ ਕਾਰਨ ਸਟਾਕ 'ਚ ਕਮੀ ਆਈ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਪੋਸਟਰ ਲਗਾਉਣ ਦਾ ਮੁੱਖ ਮਕਸਦ ਇਹ ਸੀ ਕਿ ਲੋਕ ਪੈਨਿਕ 'ਚ ਆ ਕੇ ਤੇਲ ਦੀ ਸਟੋਰੇਜ (ਹੋਰਡਿੰਗ) ਨਾ ਕਰਨ ਅਤੇ ਹਰ ਗਾਹਕ ਨੂੰ ਲੋੜ ਅਨੁਸਾਰ ਤੇਲ ਮਿਲਦਾ ਰਹੇ। 18 ਮਈ ਨੂੰ ਪੰਪ 'ਤੇ ਮੌਜੂਦ ਸਟਾਕ ਬੋਰਡ ਅਨੁਸਾਰ ਪੈਟਰੋਲ ਦਾ ਸ਼ੁਰੂਆਤੀ ਸਟਾਕ 5884 ਲੀਟਰ ਅਤੇ 1199 ਲੀਟਰ (ਵੱਖ-ਵੱਖ ਟੈਂਕਾਂ ਵਿੱਚ) ਦਰਜ ਸੀ, ਜਦੋਂ ਕਿ ਡੀਜ਼ਲ ਦਾ ਸਟਾਕ 864 ਲੀਟਰ ਅਤੇ 3045 ਲੀਟਰ ਸੀ।
ਮੈਨੇਜਰ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਪਿੱਛੋਂ ਨਵਾਂ ਸਟਾਕ ਆ ਰਿਹਾ ਹੈ ਅਤੇ ਪੰਪ ਲਗਾਤਾਰ ਚਾਲੂ ਰੱਖਿਆ ਗਿਆ ਹੈ। ਅਚਾਨਕ ਲੱਗੇ ਇਸ ਪੋਸਟਰ ਕਾਰਨ ਸ਼ਹਿਰ 'ਚ ਇਹ ਅਫ਼ਵਾਹ ਫੈਲ ਗਈ ਸੀ ਕਿ ਤੇਲ ਦਾ ਵੱਡਾ ਸੰਕਟ ਪੈਦਾ ਹੋ ਗਿਆ ਹੈ, ਜਿਸ ਕਾਰਨ ਲੋਕਾਂ 'ਚ ਬੇਚੈਨੀ ਵੱਧ ਗਈ ਸੀ ਪਰ ਡੀ. ਸੀ. ਨਿਸ਼ਾਂਤ ਯਾਦਵ ਦੇ ਬਿਆਨ ਨੇ ਸਥਿਤੀ ਨੂੰ ਸੰਭਾਲ ਲਿਆ। ਉਨ੍ਹਾਂ ਦੱਸਿਆ ਕਿ ਖ਼ੁਰਾਕ ਅਤੇ ਸਪਲਾਈ ਵਿਭਾਗ ਸ਼ਹਿਰ ਦੇ ਸਾਰੇ ਪੈਟਰੋਲ ਪੰਪ ਸੰਚਾਲਕਾਂ ਦੇ ਲਗਾਤਾਰ ਸੰਪਰਕ 'ਚ ਹੈ। ਹੁਣ ਵਿਵਾਦਿਤ ਪੋਸਟਰ ਹਟਾਏ ਜਾਣ ਤੋਂ ਬਾਅਦ ਪੰਪ 'ਤੇ ਸਥਿਤੀ ਪੂਰੀ ਤਰ੍ਹਾਂ ਆਮ ਵਾਂਗ ਹੈ ਅਤੇ ਗਾਹਕਾਂ ਨੂੰ ਬਿਨਾਂ ਕਿਸੇ ਲਿਮਟ ਦੇ ਨਿਰਵਿਘਨ ਪੈਟਰੋਲ ਅਤੇ ਡੀਜ਼ਲ ਮੁਹੱਈਆ ਕਰਵਾਇਆ ਜਾ ਰਿਹਾ ਹੈ।