ਦੁਰਗਾਪੁਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ ਸ਼ੁੱਕਰਵਾਰ ਨੂੰ ਜਦੋਂ ਪੱਛਮੀ ਬੰਗਾਲ ਦੇ ਉਦਯੋਗਿਕ ਸ਼ਹਿਰ ਦੁਰਗਾਪੁਰ ਵਿੱਚੋਂ ਲੰਘਿਆ ਤਾਂ ਹਜ਼ਾਰਾਂ ਲੋਕ ਉਨ੍ਹਾਂ ਦੀ ਇੱਕ ਝਲਕ ਦੇਖਣ ਲਈ ਸੜਕਾਂ 'ਤੇ ਇਕੱਠੇ ਹੋ ਗਏ। ਜਦੋਂ ਮੋਦੀ ਦਾ ਕਾਫਲਾ ਗਾਂਧੀ ਮੋਰ ਤੋਂ ਨਹਿਰੂ ਸਟੇਡੀਅਮ ਵੱਲ ਵਧਿਆ ਤਾਂ ਉਤਸ਼ਾਹਿਤ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਮਰਥਕਾਂ ਨੇ ਪਾਰਟੀ ਦੇ ਝੰਡੇ ਲਹਿਰਾਏ ਅਤੇ 'ਮੋਦੀ, ਮੋਦੀ' ਅਤੇ 'ਜੈ ਸ਼੍ਰੀ ਰਾਮ' ਦੇ ਨਾਅਰੇ ਲਗਾਏ। ਇਸ ਦੌਰਾਨ ਗੱਡੀ ਦੇ ਅੰਦਰ ਬੈਠੇ ਪੀਐੱਮ ਮੋਦੀ ਭੀੜ ਨੂੰ ਹੱਥ ਹਿਲਾਉਂਦੇ ਹੋਏ ਦਿਖਾਈ ਦਿੱਤੇ।
ਇਸ ਮੌਕੇ ਭਗਵੇਂ ਰੰਗ ਦੀਆਂ ਸਾੜੀਆਂ ਪਹਿਨੀਆਂ ਔਰਤਾਂ ਢੋਲ ਦੀਆਂ ਤਾਲਾਂ 'ਤੇ ਨੱਚ ਰਹੀਆਂ ਸਨ, ਜਦੋਂ ਕਿ ਸਥਾਨਕ ਲੋਕਾਂ ਵਲੋਂ ਇਸ ਪਲ ਨੂੰ ਆਪਣੇ ਫ਼ੋਨਾਂ 'ਚ ਕੈਦ ਕੀਤਾ ਜਾ ਰਿਹਾ ਸੀ। ਪ੍ਰਧਾਨ ਮੰਤਰੀ ਦੀ ਇੱਕ ਝਲਕ ਪਾਉਣ ਲਈ ਲੋਕ ਸੜਕਾਂ 'ਤੇ ਇਕੱਠੇ ਹੋ ਗਏ। ਇਹ ਅਣਕਿਆਸਾ ਦ੍ਰਿਸ਼ ਨਹਿਰੂ ਸਟੇਡੀਅਮ ਵਿੱਚ ਮੋਦੀ ਦੇ ਨਿਰਧਾਰਤ ਸੰਬੋਧਨ ਤੋਂ ਠੀਕ ਪਹਿਲਾਂ ਦੇਖਣ ਨੂੰ ਮਿਲਿਆ। ਮੋਦੀ ਪੱਛਮੀ ਬੰਗਾਲ ਦੇ ਰਾਜਨੀਤਿਕ ਤੌਰ 'ਤੇ ਮਹੱਤਵਪੂਰਨ ਦੌਰੇ ਦੇ ਹਿੱਸੇ ਵਜੋਂ ਦੁਰਗਾਪੁਰ ਆਏ ਹਨ। ਇਸ ਦੌਰਾਨ ਭਾਜਪਾ ਅਤੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਵਿਚਕਾਰ ਸ਼ਬਦੀ ਜੰਗ ਵੀ ਤੇਜ਼ ਹੋ ਗਈ। ਇਸ ਦੌਰੇ ਨੂੰ 2026 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜ ਵਿੱਚ ਭਾਜਪਾ ਦੇ ਅਧਾਰ ਨੂੰ ਮਜ਼ਬੂਤ ਕਰਨ ਦੀਆਂ ਭਾਜਪਾ ਦੀਆਂ ਕੋਸ਼ਿਸ਼ਾਂ ਵਿੱਚ ਇੱਕ ਮਹੱਤਵਪੂਰਨ ਕੜੀ ਵਜੋਂ ਦੇਖਿਆ ਜਾ ਰਿਹਾ ਹੈ।