ਲੁਧਿਆਣਾ : ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਕਿਹਾ ਕਿ ਪੰਜਾਬ ਦੇ ਕਈ ਹਿੱਸਿਆਂ ਸਮੇਤ ਲੁਧਿਆਣਾ ਵਿੱਚ ਤਾਪਮਾਨ ਲਗਾਤਾਰ ਵੱਧ ਰਿਹਾ ਹੈ ਅਤੇ ਲੂ ਸਬੰਧੀ ਯੈਲੋ ਅਲਰਟ ਜਾਰੀ ਹੈ। ਇਸ ਕਾਰਨ ਉਨ੍ਹਾਂ ਨੇ ਲੋਕਾਂ ਨੂੰ ਬਹੁਤ ਗਰਮੀ ਤੋਂ ਬਚਣ ਲਈ ਜ਼ਰੂਰੀ ਸਾਵਧਾਨੀਆਂ ਅਪਣਾਉਣ ਦੀ ਅਪੀਲ ਕੀਤੀ ਹੈ। ਡਾ. ਕੌਰ ਨੇ ਦੱਸਿਆ ਕਿ ਦਿਨ ਦੇ ਸਮੇਂ ਵੱਧਦੀ ਗਰਮੀ ਕਾਰਨ ਸਰੀਰ ਵਿਚ ਪਾਣੀ ਦੀ ਘਾਟ, ਬੇਹੱਦ ਥਕਾਵਟ ਅਤੇ ਲੂ ਲੱਗਣ ਵਰਗੀਆਂ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। 60 ਸਾਲ ਤੋਂ ਉਪਰਲੇ ਬਜ਼ੁਰਗ, ਛੋਟੇ ਬੱਚੇ, ਗਰਭਵਤੀ ਮਹਿਲਾਵਾਂ, ਲੰਬੇ ਸਮੇਂ ਦੀਆਂ ਬਿਮਾਰੀਆਂ ਵਾਲੇ ਮਰੀਜ਼ ਤੇ ਬਾਹਰ ਕੰਮ ਕਰਨ ਵਾਲੇ ਮਜ਼ਦੂਰ, ਕਿਸਾਨ ਤੇ ਨਿਰਮਾਣ ਮਜ਼ਦੂਰ ਵਧੇਰੇ ਸਾਵਧਾਨ ਰਹਿਣ।
ਉਨ੍ਹਾਂ ਲੋਕਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਨਾਲ ਹੀ ਵੱਧ ਤੋਂ ਵੱਧ ਪਾਣੀ ਅਤੇ ਤਰਲ ਪਦਾਰਥ ਜਿਵੇਂ ਨਮਕ-ਚੀਨੀ ਘੋਲ, ਨਿੰਬੂ ਪਾਣੀ ਅਤੇ ਲੱਸੀ ਪੀਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸ਼ਰਾਬ, ਕੈਫ਼ੀਨ ਵਾਲੇ ਅਤੇ ਬਹੁਤ ਮਸਾਲੇਦਾਰ ਭੋਜਨ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਰੀਰ ਵਿਚ ਪਾਣੀ ਦੀ ਘਾਟ ਦਾ ਖਤਰਾ ਵੱਧ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਿਹਤ ਸੰਸਥਾਨਾਂ ਨੂੰ ਗਰਮੀ ਨਾਲ ਜੁੜੇ ਮਾਮਲਿਆਂ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇ ਕਿਸੇ ਵਿਅਕਤੀ ਨੂੰ ਚੱਕਰ ਆਉਣ, ਉਲਟੀ, ਕਮਜ਼ੋਰੀ, ਤੇਜ਼ ਬੁਖ਼ਾਰ ਜਾਂ ਬੇਹੋਸ਼ੀ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲਈ ਜਾਵੇ।