ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਾਲ ਵਿਦਿਆਰਥੀ ਜੱਥੇਬੰਦੀਆਂ ਵਲੋਂ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਿਦਿਆਰਥੀ ਜੱਥੇਬੰਦੀਆਂ ਨੇ ਆਪਣੀਆਂ ਮੰਗਾਂ ਸਬੰਧੀ ਕਈ ਮੁੱਦਿਆਂ 'ਤੇ ਵਿਚਾਰ-ਚਰਚਾ ਕੀਤੀ। ਜੱਥੇਬੰਦੀਆਂ ਦਾ ਕਹਿਣਾ ਸੀ ਕਿ ਹਾਲ ਹੀ 'ਚ ਵਿਦਿਆਰਥੀਆਂ 'ਤੇ ਦਾਇਰ ਕੀਤੇ ਕੇਸਾਂ ਨੂੰ ਖਾਰਜ ਕੀਤਾ ਜਾਣਾ ਚਾਹੀਦਾ ਹੈ ਅਤੇ ਚੋਣਾਂ ਹੋਣ ਤੱਕ ਅਦਾਲਤੀ ਕੇਸ ਵਾਪਸ ਲਏ ਜਾਣੇ ਚਾਹੀਦੇ ਹਨ। ਵਾਈਸ ਚਾਂਸਲਰ ਨੂੰ ਕੁੱਝ ਵੀ ਨਹੀਂ ਥੋਪਣਾ ਚਾਹੀਦਾ।
ਇਸ ਬਾਰੇ ਗੱਲਬਾਤ ਕਰਦਿਆਂ ਪੰਜਾਬ ਯੂਨੀਵਰਸਿਟੀ ਦੇ ਵਾਈਸ ਪ੍ਰਧਾਨ ਅਸ਼ਮੀਤ ਸਿੰਘ ਨੇ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਵੀ. ਸੀ. ਅੱਗੇ ਰੱਖੀਆਂ ਹਨ ਅਤੇ ਉਨ੍ਹਾਂ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਸੈਨੇਟ ਚੋਣਾਂ ਦਾ ਸ਼ਡਿਊਲ ਜਲਦੀ ਜਾਰੀ ਕੀਤਾ ਜਾਵੇਗਾ। ਅਸ਼ਮੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਤੱਕ ਚੋਣਾਂ ਦਾ ਸ਼ਡਿਊਲ ਨਹੀਂ ਆ ਜਾਂਦਾ, ਉਦੋਂ ਤੱਕ ਵਿਦਿਆਰਥੀਆਂ ਵਲੋਂ ਮੋਰਚਾ ਜਾਰੀ ਰੱਖਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਵਿਦਿਆਰਥੀਆਂ ਵਲੋਂ ਲਿਖ਼ਤੀ ਰੂਪ 'ਚ ਚੋਣਾਂ ਦਾ ਸ਼ਡਿਊਲ ਜਾਰੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਐੱਸ. ਐੱਫ. ਐੱਸ. ਵਿਦਿਆਰਥੀ ਜੱਥੇਬੰਦੀ ਦੇ ਸੰਦੀਪ ਸਿੰਘ ਨੇ ਕਿਹਾ ਕਿ ਵੀ. ਸੀ. ਨੇ ਭਰੋਸਾ ਦਿਵਾਇਆ ਹੈ ਕਿ ਚੋਣਾਂ ਦਾ ਸ਼ਡਿਊਲ ਇਕ-ਦੋ ਦਿਨਾਂ 'ਚ ਜਾਰੀ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦੀ ਮੰਗ ਸੀ ਕਿ ਸੈਨੇਟ ਦੀ ਗੈਰ-ਹਾਜ਼ਰੀ 'ਚ ਵੀ. ਸੀ. ਨੇ ਜਿੰਨੇ ਵੀ ਫ਼ੈਸਲੇ ਲਏ ਹਨ, ਉਹ ਸਾਰੇ ਰਿਵਿਊ ਕੀਤੇ ਜਾਣ। ਜਦੋਂ ਤੱਕ ਸੈਨੇਟ ਚੁਣੀ ਨਹੀਂ ਜਾਂਦੀ, ਉਦੋਂ ਤੱਕ ਵੀ. ਸੀ. ਰੂਟੀਨ ਫ਼ੈਸਲੇ ਤੋਂ ਇਲਾਵਾ ਕੋਈ ਵੀ ਵੱਡੇ ਫ਼ੈਸਲੇ ਨਾ ਲੈਣ। ਵਿਦਿਆਰਥੀਆਂ ਨੇ ਇਹ ਵੀ ਮੰਗ ਕੀਤੀ ਕਿ ਸੈਨੇਟ ਨੂੰ ਲੈ ਕੇ ਜਿੰਨੇ ਵੀ ਵਿਦਿਆਰਥੀਆਂ 'ਤੇ ਮਾਮਲੇ ਦਰਜ ਕੀਤੇ ਗਏ ਹਨ, ਉਨ੍ਹਾਂ ਨੂੰ ਵਾਪਸ ਲਿਆ ਜਾਵੇ। ਇਨ੍ਹਾਂ ਸਾਰੀਆਂ ਮੰਗਾਂ ਨੂੰ ਮੰਨਣ ਦਾ ਵੀ. ਸੀ.ਵਲੋਂ ਭਰੋਸਾ ਦਿੱਤਾ ਗਿਆ ਹੈ।