ਫਾਜ਼ਿਲਕਾ : ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਣ ਨੂੰ ਲੈ ਕੇ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਠੰਡ ਅਤੇ ਸੰਘਣੀ ਧੁੰਦ ਦੇ ਮੱਦੇਨਜ਼ਰ ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਦੇ ਆਗੂਆਂ ਨੇ ਸੂਬਾ ਸਰਕਾਰ ਨੂੰ ਸਕੂਲਾਂ ਦਾ ਸਮਾਂ ਬਦਲਣ ਦੀ ਮੰਗ ਕੀਤੀ ਹੈ। ਕਮੇਟੀ ਆਗੂਆਂ ਦੁਪਿੰਦਰ ਢਿੱਲੋ, ਕੁਲਦੀਪ ਸਿੰਘ ਸੱਭਰਵਾਲ,ਬਲਵਿੰਦਰ ਸਿੰਘ, ਜਗਨੰਦਨ ਸਿੰਘ, ਪਰਮਜੀਤ ਸਿੰਘ ਸੋਰੇਵਾਲਾ, ਇਨਕਲਾਬ ਸਿੰਘ ਗਿੱਲ, ਸੁਰਿੰਦਰ ਕੰਬੋਜ, ਗੁਰਮੀਤ ਸਿੰਘ ਢਾਬਾ, ਹਰਜਿੰਦਰ ਸਿੰਘ ਧਾਲੀਵਾਲ ਵੱਲੋਂ ਸੰਘਣੀ ਧੁੰਦ ਅਤੇ ਅਚਾਨਕ ਆਏ ਮੌਸਮ ’ਚ ਬਦਲਾਅ ਕਾਰਨ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਤੋਂ ਸਕੂਲਾਂ ਦੇ ਸਮੇਂ ਨੂੰ ਬਦਲਣ ਦੀ ਮੰਗ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਅਧਿਆਪਕ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਆਪਣੀ ਸੇਵਾ ਨਿਭਾਅ ਰਹੇ ਹਨ ਅਤੇ ਫਾਜ਼ਿਲਕਾ ਦੇ ਅਧਿਆਪਕ ਕਈ ਇਹੋ ਜਿਹੇ ਵੀ ਹਨ, ਜੋ ਦੂਸਰੇ ਨੇੜਲੇ ਜ਼ਿਲ੍ਹਿਆਂ ’ਚ ਡਿਊਟੀ ਨਿਭਾ ਰਹੇ ਹਨ ਅਤੇ ਰੋਜ਼ਾਨਾ ਅੱਪ-ਡਾਊਨ ਵੀ ਕਰਦੇ ਹਨ। ਇਸ ਲਈ ਪਿਛਲੇ ਕੁੱਝ ਸਾਲਾਂ ਦੌਰਾਨ ਬਹੁਤ ਹੀ ਭਿਆਨਕ ਹਾਦਸੇ ਹੋਣ ਕਾਰਨ ਸਾਡੇ ਅਧਿਆਪਕ ਸਾਥੀਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਅਚਾਨਕ ਆਏ ਮੌਸਮ ’ਚ ਬਦਲਾਅ ਅਤੇ ਸੰਘਣੀ ਧੁੰਦ ਕਾਰਨ ਆਉਣ-ਜਾਣ ਅਤੇ ਸਕੂਲਾਂ ’ਚ ਬੱਚਿਆਂ ਦੀ ਸੁਰੱਖਿਆ ਸਬੰਧੀ ਵੀ ਪ੍ਰਬੰਧ ਨੂੰ ਧਿਆਨ ’ਚ ਰੱਖਦੇ ਹੋਏ ਸਕੂਲਾਂ ਦਾ ਸਮਾਂ ਬਦਲਣ ਦੀ ਖੇਚਲ ਕੀਤੀ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਸੰਘਣੀ ਧੁੰਦ ਅਤੇ ਸਰਦੀ ਕਾਰਨ ਬੱਚਿਆਂ ਨੂੰ ਸਕੂਲ ਪਹੁੰਚਣ ’ਚ ਅਨੇਕਾਂ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਂਦਾ ਹੈ। ਬੱਚਿਆਂ ਦੀ ਸਿਹਤ ਸੰਭਾਲ ਸਾਡੀ ਮੁੱਢਲੀ ਜ਼ਿੰਮੇਵਾਰੀ ਹੈ। ਮੁਲਾਜ਼ਮ ਏਕਤਾ ਸਘੰਰਸ਼ ਕਮੇਟੀ ਫਾਜ਼ਿਲਕਾ ਦੇ ਆਗੂਆਂ ਨੇ ਕਿਹਾ ਕਿ ਇਸ ਸਥਿਤੀ ਨੂੰ ਧਿਆਨ ’ਚ ਰੱਖਦੇ ਹੋਏ ਸਕੂਲ ਖੁੱਲ੍ਹਣ ਦਾ ਸਮਾਂ ਸਵੇਰੇ 10 ਵਜੇ ਕੀਤਾ ਜਾਵੇ। ਇਸ ਮੌਕੇ 'ਤੇ ਦਲਜੀਤ ਸਿੰਘ ਸੱਭਰਵਾਲ, ਅਮਨਦੀਪ ਸਿੰਘ, ਧਰਮਿੰਦਰ ਗੁਪਤਾ, ਸੁਖਵਿੰਦਰ ਸਿੰਘ ਸਿੱਧੂ, ਅਸ਼ੋਕ ਸਰਾਰੀ, ਸੁਨੀਲ ਗਾਂਧੀ,ਅਮਨ ਬਰਾੜ,ਸਤਿੰਦਰ ਸਚਦੇਵਾ, ਦਲੀਪ ਸਿੰਘ ਸੈਣੀ,ਨਿਸ਼ਾਂਤ ਅਗਰਵਾਲ , ਸਵੀਕਾਰ ਗਾਂਧੀ ਅਤੇ ਹੋਰ ਆਗੂ ਹਾਜ਼ਰ ਸਨ।