ਸ਼ਹੀਦ ਭਗਤ ਸਿੰਘ ਨਗਰ (ਮਨੋਰੰਜਨ ਕਾਲੀਆ) : ਜਿਲ੍ਹੇ ਵਿੱਚ ਇੱਕ ਸਰਪੰਚ ਅਤੇ 39 ਪੰਚਾਂ ਦੀਆਂ ਖਾਲੀ ਅਸਾਮੀਆਂ ਲਈ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ 27 ਜੁਲਾਈ ਨੂੰ ਵੋਟਾਂ ਪੈਣੀਆਂ ਨਿਰਧਾਰਤ ਕੀਤੀਆਂ ਗਈਆਂ ਹਨ ਜਿਸ ਲਈ ਜਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਅਤੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।
ਵਧੀਕ ਡਿਪਟੀ ਕਮਿਸ਼ਨਰ(ਵਿਕਾਸ)-ਕਮ-ਵਧੀਕ ਜਿਲ੍ਹਾ ਚੋਣ ਅਫਸਰ ਅਵਨੀਤ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦੀਆਂ ਦੱਸਿਆ ਕਿ ਇੱਕ ਸਰਪੰਚ ਦੀ ਅਸਾਮੀ ਅਤੇ 32 ਪੰਚਾਂ ਦੀਆਂ ਅਸਾਮੀਆਂ ਲਈ ਪਿੰਡ ਵਾਸੀਆਂ ਵੱਲੋਂ ਸਰਬਸੰਮਤੀ ਕੀਤੀ ਜਾ ਚੁੱਕੀ ਹੈ । ਉਨ੍ਹਾਂ ਦੱਸਿਆ ਕਿ ਭਾਨੇਵਾਲ ਵਿਖੇ ਪੰਚ ਦੀ ਅਸਾਮੀ ਲਈ ਕੋਈ ਨਾਮਜਦਗੀ ਪੱਤਰ ਪ੍ਰਾਪਤ ਨਹੀਂ ਹੋਇਆ ਜਿਸ ਦੇ ਸਿੱਟੇ ਵਜੋਂ ਹੁਣ 33 ਥਾਵਾਂ ‘ਤੇ ਸਰਬਸੰਮਤੀ ਉਪਰੰਤ 6 ਥਾਵਾਂ ‘ਤੇ ਵੋਟਾਂ ਪੈਣਗੀਆਂ । ਉਨ੍ਹਾਂ ਦੱਸਿਆ ਕਿ ਜਿਨ੍ਹਾ ਪਿੰਡਾਂ ਵਿੱਚ ਵੋਟਾਂ ਪੈਣੀਆਂ ਹਨ ਉਨ੍ਹਾਂ ਵਿੱਚ ਨਵਾਂਸ਼ਹਿਰ ਬਲਾਕ ਦੇ ਪਿੰਡ ਕਰੀਆਮ ਅਤੇ ਦੁਰਗਾਪੁਰ, ਬਲਾਚੌਰ ਬਲਾਕ ਦੇ ਪਿੰਡ ਡੁੱਗਰੀ ਬੇਟ ਅਤੇ ਨਿਊ ਮਝੋਟ, ਬੰਗਾ ਬਲਾਕ ਦੇ ਪਿੰਡ ਲਧਾਣਾ ਝਿੱਕਾ ਅਤੇ ਘੁੰਮਣ ਸ਼ਾਮਲ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਵੋਟਾਂ ਲਈ ਢੁੱਕਵੇਂ ਪ੍ਰਬੰਧ ਅਮਲ ਵਿੱਚ ਲਿਆਂਦੇ ਜਾ ਰਹੇ ਹਨ ਤਾਂ ਜੋ ਨਿਰਪੱਖ, ਸ਼ਾਂਤਮਈ ਅਤੇ ਆਜ਼ਾਦਾਨਾ ਢੰਗ ਨਾਲ ਵੋਟਾਂ ਦੀ ਪ੍ਰਕਿਰਿਆ ਨੂੰ ਅਮਲ ਵਿੱਚ ਲਿਆਂਦਾ ਜਾ ਸਕੇ।