ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸੰਵਿਧਾਨ ਦੀ ‘ਹੱਤਿਆ ਕਰਨ’ ਦਾ ਦੋਸ਼ ਲਾਇਆ ਅਤੇ ਕਿਹਾ ਕਿ ਦੇਸ਼ ਦੇ ਲੋਕ ਭਾਜਪਾ ਤੇ ਆਰਐੱਸਐੱਸ ਨੂੰ ਇਸ ਵਿੱਚ ਤਬਦੀਲੀ ਨਹੀਂ ਕਰਨ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਰਾਬਰਟ ਵਾਡਰਾ ਖ਼ਿਲਾਫ਼ ਈਡੀ ਰਾਹੀਂ ਦੋਸ਼ ਪੱਤਰ ਦਾਇਰ ਕਰਕੇ ਗਾਂਧੀ ਪਰਿਵਾਰ ਤੇ ਕਾਂਗਰਸ ਪਾਰਟੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਖੜਗੇ ਨੇ ਕਰਨਾਟਕ ਸਰਕਾਰ ਵੱਲੋਂ ਕਰਵਾਏ ਗਏ ਸੰਮੇਲਨ ਦੌਰਾਨ ਮੈਸੁਰੂ ਲਈ 2500 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਖੜਗੇ ਨੇ ਚਿਤਾਵਨੀ ਦਿੰਦਿਆਂ ਕਿਹਾ, ‘ਭਾਜਪਾ ਤੇ ਆਰਐੱਸਐੱਸ ਸੰਵਿਧਾਨ ’ਚ ਸੋਧ ਕਰਨ ਜਾਂ ਉਸ ਨੂੰ ਮੁੜ ਤੋਂ ਲਿਖਣ ਦੀ ਗੱਲ ਕਰ ਰਹੇ ਹਨ। ਤੁਸੀਂ ਭਾਵੇਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੋ, ਇਸ ਦੇਸ਼ ਦੇ ਲੋਕ ਤੁਹਾਨੂੰ ਸੰਵਿਧਾਨ ’ਚ ਤਬਦੀਲੀ ਨਹੀਂ ਕਰਨ ਦੇਣਗੇ। ਜੇ ਤੁਸੀਂ (ਲੋਕ) ਉਨ੍ਹਾਂ ਨੂੰ ਸੰਵਿਧਾਨ ਬਦਲਣ ਦੇਵੋਗੇ ਤਾਂ ਤੁਹਾਡੇ ਕੋਲ ਕੋਈ ਅਧਿਕਾਰ ਨਹੀਂ ਬਚੇਗਾ।’ ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ’ਤੇ 42 ਮੁਲਕਾਂ ਦੀ ਯਾਤਰਾ ਕਰਨ ਪਰ ਹਿੰਸਾ ਪ੍ਰਭਾਵਿਤ ਮਨੀਪੁਰ ਨਾ ਜਾਣ ਲਈ ਵੀ ਨਿਸ਼ਾਨੇ ਸੇਧੇ।
ਇਸੇ ਦੌਰਾਨ ਉਨ੍ਹਾਂ ਬੰਗਲੂਰੂ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਵਾਡਰਾ ਨਾਲ ਜੋ ਕੁਝ ਹੋਇਆ ਹੈ, ਉਹ ਇੱਕ ਵਿਅਕਤੀ ਤੋਂ ਬਦਲਾ ਲੈਣ ਲਈ, ਇੱਕ ਪਾਰਟੀ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ ਹੈ। ਇਹ ਵਾਡਰਾ ਤੇ ਗਾਂਧੀ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਤਹਿਤ ਕੀਤਾ ਜਾ ਰਿਹਾ ਹੈ। ਉਹ ਇਸ ਵਿੱਚ ਕਦੀ ਕਾਮਯਾਬ ਨਹੀਂ ਹੋਣਗੇ।’ ਕਾਂਗਰਸ ’ਤੇ ‘ਜ਼ਮੀਨ ਜਹਾਦ’ ਦੀ ਹਮਾਇਤ ਕਰਨ ਦੇ ਭਾਜਪਾ ਦੇ ਦੋਸ਼ ਬਾਰੇ ਕਾਂਗਰਸ ਪ੍ਰਧਾਨ ਨੇ ਕਿਹਾ, ‘ਮੈਨੂੰ ਨਹੀਂ ਪਤਾ ਕਿ ਜ਼ਮੀਨ ਜਹਾਦ ਕੀ ਹੈ। ਜੇ ਉਹ ਮੇਰੇ ਖ਼ਿਲਾਫ਼ ਕੋਈ ਕਾਰਵਾਈ ਕਰਨਾ ਚਾਹੁੰਦੇ ਹਨ ਤਾਂ ਸਵਾਗਤ ਹੈ। ਉਨ੍ਹਾਂ ਨੂੰ ਕਰਨ ਦਿਓ। ਜਦੋਂ ਵੀ ਉਹ ਕਾਰਵਾਈ ਕਰਨਗੇ, ਮੈਂ ਉਸ ਦਾ ਜਵਾਬ ਦੇਵਾਂਗਾ।’