ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮਨਦੀਪ ਕਮਲ ਦੀ ਅਗਵਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਨੇ ਅੱਜ ਜ਼ਿਲ੍ਹੇ ਵਿੱਚ 1-19 ਸਾਲ ਤੱਕ ਦੇ 95 ਹਜ਼ਾਰ ਤੋਂ ਵੱਧ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਐਲਬੇਂਡਾਜੋਲ ਦੀਆਂ ਗੋਲੀਆਂ ਖੁਆਈਆਂ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਮਨਦੀਪ ਕਮਲ ਨੇ ਸਿਹਤ ਬਲਾਕ ਬਲਾਚੌਰ ਅਧੀਨ ਮਾਊਂਟ ਕਾਰਮਲ ਸਕੂਲ, ਬਲਾਚੌਰ ਵਿਖੇ ਸਕੂਲੀ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਾਉਣ ਲਈ ਅਲਬੈਂਡਾਜੋਲ ਦੀਆਂ ਗੋਲੀਆਂ ਖੁਵਾ ਕੇ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮਨਦੀਪ ਕਮਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 1 ਸਾਲ ਤੋਂ 19 ਸਾਲ ਤੱਕ ਦੇ ਤਕਰੀਬਨ ਡੇਢ ਲੱਖ ਬੱਚਿਆਂ ਨੂੰ ਐਲਬੇਂਡਾਜੋਲ ਦੀ ਖੁਰਾਕ ਖੁਆਈ ਜਾਣੀ ਹੈ। ਉਨ੍ਹਾਂ ਦੱਸਿਆ ਕਿ ਜੋ ਬੱਚੇ ਅੱਜ ਕਿਸੇ ਕਾਰਨ ਕਰਕੇ ਐਲਬੇਂਡਾਜੋਲ ਗੋਲੀ ਖਾਣ ਤੋਂ ਵਾਂਝੇ ਰਹਿ ਗਏ ਹਨ, ਉਨ੍ਹਾਂ ਨੂੰ ਇਹ ਖ਼ੁਰਾਕ 14 ਅਗਸਤ 2025 ਨੂੰ ਖੁਆਈ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ, ਸਰਕਾਰੀ ਮਾਨਤਾ ਪ੍ਰਾਪਤ ਸਕੂਲਾਂ, ਪ੍ਰਾਈਵੇਟ ਸਕੂਲਾਂ ਵਿਚ ਪੜ੍ਹਦੇ ਬੱਚਿਆਂ, ਆਂਗਣਵਾੜੀ ਸੈਂਟਰਾਂ ਵਿੱਚ ਰਜਿਸਟਰਡ ਬੱਚਿਆਂ, ਕਿਸੇ ਕਾਰਨ ਪੜ੍ਹਾਈ ਛੱਡ ਚੁੱਕੇ 1 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ 100 ਫੀਸਦੀ ਕਵਰ ਕਰਨਾ ਯਕੀਨੀ ਬਣਾਇਆ ਜਾਵੇਗਾ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਅੱਗੇ ਦੱਸਿਆ ਕਿ ਸਿਹਤ ਵਿਭਾਗ ਦੇ ਇਸ ਉਪਰਾਲੇ ਨਾਲ ਲੱਖਾਂ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਰਾਹਤ ਮਿਲੇਗੀ, ਕਿਉਂਕਿ ਜ਼ਿਆਦਾਤਰ ਬੱਚਿਆਂ ਵਿਚ ਪੇਟ ਦੇ ਕੀੜਿਆਂ ਕਾਰਨ ਰੋਜ਼ਾਨਾ ਦੀ ਖੁਰਾਕ ਦੇ ਘਟਣ ਕਾਰਨ ਸਰੀਰਕ ਕਮਜ਼ੋਰੀ, ਖੂਨ ਦੀ ਕਮੀ ਦੇ ਨਾਲ-ਨਾਲ ਬੱਚਿਆਂ ਵਿਚ ਚਿੜਚਿੜਾਪਣ ਦੇਖਣ ਵਿਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਸਰੀਰ ਵਿੱਚ ਖੂਨ ਦੀ ਕਮੀ ਨਾਲ ਬੱਚਿਆਂ ਦੇ ਸਰੀਰਿਕ ਤੇ ਮਾਨਸਿਕ ਵਾਧੇ ਵਿੱਚ ਰੁਕਾਵਟਾਂ ਪੈਦਾ ਹੁੰਦੀਆਂ ਹਨ ਤੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਘੱਟ ਜਾਂਦੀ ਹੈ, ਇਸ ਲਈ ਬੱਚਿਆਂ ਦੇ ਪੇਟ ਦੇ ਕੀੜਿਆਂ ਨੂੰ ਖਤਮ ਕਰਨ ਲਈ ਐਲਬੇਂਡਾਜੋਲ ਗੋਲੀਆਂ ਖੁਵਾਉਣੀਆਂ ਬਹੁਤ ਜ਼ਰੂਰੀ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਊਂਟ ਕਾਰਮਲ ਸਕੂਲ, ਬਲਾਚੌਰ ਦੇ ਪ੍ਰਿੰਸੀਪਲ ਫਿਜੀ, ਟੀਚਰ ਪੂਨਮ ਰਾਣੀ, ਇੰਦੂ ਬਾਲਾ ਰਜਨੀ ਕੁਮਾਰੀ, ਆਯੂਰਵੈਦਿਕ ਮੈਡੀਕਲ ਅਫਸਰ ਡਾ ਸੁਦੇਸ਼ ਕੁਮਾਰ, ਡਾ ਰੇਣੂ ਸੈਣੀ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਸਕੂਲ ਹੈਲਥ ਕੋਆਰਡੀਨੇਟਰ ਰਮਨਦੀਪ ਕੌਰ, ਐੱਮ.ਐੱਚ.ਵੀ. ਰੀਨਾ ਭਾਟੀਆ, ਫਾਰਮਾਸਿਸਟ ਓਂਕਾਰ ਸਿੰਘ, ਏ.ਐਨ.ਐਮ ਬਲਜੀਤ ਕੌਰ ਸਮੇਤ ਹੋਰ ਸਟਾਫ ਮੈਂਬਰ ਮੌਜੂਦ ਸਨ।