ਨਵੀਂ ਦਿੱਲੀ : ਦਿੱਲੀ ਸਰਕਾਰ ਆਪਣੀ ਪ੍ਰਸਤਾਵਿਤ ਡਿਪਾਜ਼ਿਟ ਰਿਟਰਨ ਸਕੀਮ ਵਿੱਚ ਤੰਬਾਕੂ ਨਾਲ ਸਬੰਧਤ ਉਤਪਾਦਾਂ ਦੀ ਪੈਕਿੰਗ ਨੂੰ ਸ਼ਾਮਲ ਕਰਨ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਦੇ ਅਨੁਸਾਰ ਇਸ ਯੋਜਨਾ ਦੇ ਸ਼ੁਰੂਆਤੀ ਪੜਾਅ ਵਿੱਚ ਪਲਾਸਟਿਕ ਪੀਈਟੀ ਬੋਤਲਾਂ ਨਾਲ ਗੁਟਖਾ ਅਤੇ ਖੈਨੀ ਪੈਕਿੰਗ ਨੂੰ ਵੀ ਇਸਦੇ ਦਾਇਰੇ ਵਿੱਚ ਲਿਆਂਦਾ ਜਾ ਸਕਦਾ ਹੈ। ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਸਰਕਾਰ ਇਕ 'ਡਿਪੌਜਿਟ ਰਿਟਰਨ ਸਕੀਮ' ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ।
ਇਸ ਵਿੱਚ ਕੁਝ 'ਹਾਨੀਕਾਰਕ ਵਸਤੂਆਂ ਨੂੰ ਸ਼ਾਮਲ ਕੀਤਾ ਜਾਵੇਗਾ ਤਾਂਕਿ ਰੀਸਾਈਕਲ ਹੋਣ ਯੋਗ ਰਹਿੰਦ-ਖੂੰਹਦ ਨੂੰ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਿਆ ਜਾ ਸਕੇ। ਇਸ ਯੋਜਨਾ ਦੇ ਤਹਿਤ ਸਭ ਤੋਂ ਪਹਿਲਾ ਪਲਾਸਟਿਕ ਦੀਆਂ ਪੀਈਟੀ ਬੋਤਲਾਂ ਅਤੇ ਤੰਬਾਕੂ ਉਤਪਾਦਾਂ (ਜਿਵੇਂ ਖੈਨੀ ਅਤੇ ਗੁਟਖਾ) ਦੀ ਪੈਕੇਜਿੰਗ ਨੂੰ ਵੀ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਵਿਵਸਥਾ ਦੇ ਤਹਿਤ ਖਪਤਕਾਰ ਕੁਝ ਉਤਪਾਦਾਂ ਨੂੰ ਖਰੀਦਣ ਵੇਲੇ ਇੱਕ ਛੋਟੀ ਜਿਹੀ ਜਮ੍ਹਾਂ ਰਕਮ ਅਦਾ ਕਰਨਗੇ ਅਤੇ ਖਾਲੀ ਪੈਕਿੰਗ ਵਾਪਸ ਕਰਨ 'ਤੇ ਇਸਨੂੰ ਵਾਪਸ ਪ੍ਰਾਪਤ ਕਰਨਗੇ। ਇਸ ਪ੍ਰਸਤਾਵ 'ਤੇ ਬੁੱਧਵਾਰ ਨੂੰ ਸਿਰਸਾ ਦੀ ਪ੍ਰਧਾਨਗੀ ਹੇਠ ਵਾਤਾਵਰਣ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਚਰਚਾ ਕੀਤੀ ਗਈ।
ਮੀਟਿੰਗ ਵਿੱਚ ਯੋਜਨਾ ਦੇ ਨੀਤੀਗਤ ਢਾਂਚੇ ਅਤੇ ਇਸਦੀ ਲਾਗੂ ਕਰਨ ਦੀ ਰਣਨੀਤੀ 'ਤੇ ਵਿਚਾਰ ਕੀਤਾ ਗਿਆ। ਸਿਰਸਾ ਨੇ ਕਿਹਾ ਕਿ ਸਰਕਾਰ ਦੇਸ਼ ਦੇ ਹੋਰ ਹਿੱਸਿਆਂ, ਖਾਸ ਕਰਕੇ ਹਿਮਾਚਲ ਪ੍ਰਦੇਸ਼ ਵਿੱਚ ਅਪਣਾਏ ਜਾ ਰਹੇ "ਜਮਾ ਵਾਪਸੀ" ਮਾਡਲ ਦਾ ਅਧਿਐਨ ਕਰ ਰਹੀ ਹੈ। ਸਰਕਾਰ ਦਿੱਲੀ ਦੀਆਂ ਜ਼ਰੂਰਤਾਂ ਦੇ ਅਨੁਸਾਰ ਇੱਕ ਢਾਂਚਾ ਵਿਕਸਤ ਕਰਨ ਤੋਂ ਪਹਿਲਾਂ ਵੱਖ-ਵੱਖ ਮਾਡਲਾਂ ਦਾ ਵਿਸ਼ਲੇਸ਼ਣ ਕਰੇਗੀ। ਉਦਾਹਰਣ ਵਜੋਂ, ਪਲਾਸਟਿਕ ਦੀ ਬੋਤਲ ਖਰੀਦਣ ਵਾਲਾ ਖਪਤਕਾਰ ਕੀਮਤ ਤੋਂ ਇਲਾਵਾ ਇੱਕ ਵਾਧੂ ਜਮ੍ਹਾਂ ਰਕਮ ਅਦਾ ਕਰੇਗਾ। ਜਦੋਂ ਉਹ ਖਾਲੀ ਬੋਤਲ ਕਿਸੇ ਅਧਿਕਾਰਤ ਸੰਗ੍ਰਹਿ ਕੇਂਦਰ ਜਾਂ ਪ੍ਰਚੂਨ ਵਿਕਰੇਤਾ ਨੂੰ ਵਾਪਸ ਕਰੇਗਾ ਤਾਂ ਉਸ ਨੂੰ ਜਮ੍ਹਾਂ ਰਕਮ ਵਾਪਸ ਮਿਲ ਜਾਵੇਗੀ।