ਨਵਾਸ਼ਹਿਰ (ਮਨੋਰੰਜਨ ਕਾਲੀਆ) : ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜੀ ਆਪਣਾ 27 ਦਿਨਾਂ ਨਿਊਜ਼ੀਲੈਂਡ ਦਾ ਦੌਰਾ ਖਤਮ ਕਰਨ ਉਪਰੰਤ ਜੁਲਾਈ ਨੂੰ ਮੁੱਖ ਸਕੱਤਰੇਤ, ਸੈਕਟਰ 1, ਚੰਡੀਗੜ੍ਹ ਵਿਖੇ ਹਾਜ਼ਰ ਹੋਣਗੇ। ਕਮਿਸ਼ਨ ਦਫਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਚੇਅਰਮੈਨ ਜਸਵੀਰ ਸਿੰਘ ਗੜੀ ਵੱਲੋਂ ਨਿਊਜੀਲੈਂਡ ਦੀ ਧਰਤੀ ਦੇ ਤੂਫਾਨੀ ਦੌਰਾ ਕੀਤਾ ਗਿਆ ਜਿਸ ਤਹਿਤ ਪੰਜਾਬ ਦੀ ਧਰਤੀ ਦੇ ਭਲੇ ਲਈ ਪੰਜਾਬੀਆਂ, ਪੰਜਾਬੀਅਤ, ਪੰਥ ਅਤੇ ਗਰੀਬ ਸਿੱਖਨ ਨੂੰ ਲਾਮਬੰਦ ਕਰਨ ਦਾ ਹੋਕਾ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਚੇਅਰਮੈਨ ਗੜੀ ਵਲੋ ਹੇਸਟਿੰਗ ਸ਼ਹਿਰ ਦੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਖੇ 12ਜੁਲਾਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਤਮਸਤਕ ਹੋ ਕੇ ਹਾਜ਼ਰੀ ਭਰੀ। ਇਸ ਦੇ ਨਾਲ ਹੀ ਪੂਰੇ ਨਿਊਜ਼ੀਲੈਂਡ ਵਿੱਚ ਚੇਅਰਮੈਨ ਗੜੀ ਦੀਆਂ ਗਤੀਵਿਧੀਆਂ ਵਿੱਚ ਤੂਫਾਨੀ ਤੇਜੀ ਆ ਗਈ। ਜਿਸ ਤਹਿਤ ਵੱਖ ਵੱਖ ਸਮਿਆਂ ਵਿੱਚ ਵੱਖ ਵੱਖ ਆਕਲੈਂਡ ਦੇ ਸ੍ਰੀ ਗੁਰੂ ਰਵਿਦਾਸ ਟੈਂਪਲ ਬੰਬੇ ਹਿੱਲ, ਬੇਗਮਪੁਰਾ ਸਿੱਖ ਟੈਂਪਲ, ਗੁਰੂਦਵਾਰਾ ਦੁੱਖ ਨਿਵਾਰਨ ਸਾਹਿਬ, ਗੁਰਦੁਆਰਾ ਸ਼੍ਰੀ ਦਸ਼ਮੇਸ਼ ਦਰਬਾਰ, ਆਦਿ ਸਾਂਝੇ ਸਥਾਨਾਂ ਤੇ ਹਾਜਰੀ ਭਰੀ ਗਈ। ਉਪਰੋਕਤ ਗੁਰੂ ਘਰਾਂ ਵਿੱਚ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜੀ ਵੱਲੋਂ ਗੁਰਬਾਣੀ ਅਤੇ ਪੰਜਾਬ ਦੇ ਸੱਭਿਆਚਾਰ ਦੇ ਅਧਾਰ ਦੇ ਉੱਤੇ ਊਚ ਨੀਚ ਜਾਤੀ ਅਧਾਰਤ ਸਮਾਜ ਦੀ ਵਿਵਸਥਾ ਨੂੰ ਖਤਮ ਕਰਨ ਲਈ ਬੇਗਮਪੁਰਾ ਖਾਲਸਾ ਰਾਜ ਵਿਚਾਰਿਕ ਸੰਕਲਪਨਾ ਲਈ ਵਿਚਾਰਿਕ ਗਦਰ ਦੀ ਸ਼ੁਰੂਆਤ ਕਰਨ ਦਾ ਸੱਦਾ ਦਿੱਤਾ। ਸ਼ਹਿਰ ਹਮਿੰਲਟਨ ਵਿੱਚ ਪੰਜਾਬ ਤੋਂ ਆਓਤਿਆਰੋਆ ਨਾਮ ਦੀ ਡਾਕੂਮੈਂਟਰੀ ਫਿਲਮ ਸਿਨੇਮਾ ਹਾਲ ਵਿੱਚ ਦਿਖਾਕੇ ਪੰਜਾਬੀਆਂ ਨੂੰ ਪੰਜਾਬ ਦੀਆਂ ਜੜਾਂ ਨਾਲ ਲਾਮਬੰਦ ਹੋਣ ਦਾ ਮੌਕਾ ਦਿੱਤਾ।
ਪ੍ਰਸ਼ਾਸਨਿਕ ਤੌਰ ਤੇ ਨਿਊਜੀਲੈਂਡ ਤੇ ਰਾਜ ਕਰਦੀ ਨੈਸ਼ਨਲ ਪਾਰਟੀ ਦੇ ਮੈਂਬਰ ਪਾਰਲੀਮੈਂਟ ਕੈਮਰੂਨ ਬਰਾਊਨ ਅਤੇ ਵਿਰੋਧੀ ਧਿਰ ਦੇ ਸੀਨੀਅਰ ਮੈਂਬਰ ਪਾਰਲੀਮੈਂਟ ਫਿੱਲ ਟਿਫੋਰਡ ਨਾਲ ਵਿਸ਼ੇਸ਼ ਤੌਰ ਤੇ ਮੁਲਾਕਾਤ ਕਰਕੇ ਪੰਜਾਬੀਆਂ ਦੀਆਂ ਮੁਸ਼ਕਲਾਂ ਨੂੰ ਸਾਂਝਾ ਕੀਤਾ। ਭਾਰਤ ਸਰਕਾਰ ਦੇ ਕੌਂਸਲੇਟ ਜਨਰਲ ਦੇ ਮੁਖੀ ਹਾਈਕਮਿਸ਼ਨਰ ਡਾ. ਮਦਨ ਮੋਹਨ ਸੇਠੀ ਨਾਲ ਵੀ ਮੁਲਾਕਾਤ ਕਰਦਿਆ ਹੋਇਆ ਪੰਜਾਬ ਦੇ ਵਿਦਿਆਰਥੀਆਂ, ਪੰਜਾਬ ਦੇ ਕਿਸਾਨਾਂ ਵਪਾਰੀਆਂ ਦੇ ਵਪਾਰਕ ਵੀਜ਼ਿਆਂ ਸਬੰਧੀ ਆ ਰਹੀਆਂ ਮੁਸ਼ਕਿਲਾਂ ਬਾਰੇ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਇੱਥੇ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਹਾਈਕਮਿਸ਼ਨਰ ਡਾ. ਸੇਠੀ ਨੇ ਪੰਜਾਬ ਸਰਕਾਰ ਨੂੰ ਸੱਦਾ ਦਿੱਤਾ ਕਿ ਉਹ ਸਰਕਾਰੀ ਵਫਦ ਵਿਦਿਆ, ਵਪਾਰ ਤੇ ਖੇਤੀ ਨੂੰ ਉੰਨਤ ਕਰਨ ਲਈ ਜਰੂਰ ਨਿਊਜ਼ੀਲੈਂਡ ਭੇਜਣ, ਤਾਂ ਕਿ ਦੋਨਾਂ ਸਰਕਾਰਾਂ ਵਿੱਚ ਸਾਰੇ ਖੇਤਰਾਂ ਵਿੱਚ ਅਦਾਨ ਪ੍ਰਦਾਨ ਵਧਾ ਕੇ ਪੰਜਾਬੀਆਂ ਨੂੰ ਆਰਥਿਕ ਤੌਰ ਤੇ ਪ੍ਰਫੁੱਲਤ ਕੀਤਾ ਜਾ ਸਕੇ।
ਸਭ ਤੋਂ ਵਿਸ਼ੇਸ਼ ਗੱਲ ਰਹੀ ਕਿ ਨਿਊਜ਼ੀਲੈਂਡ ਦੇ ਪੰਜਾਬੀ ਭਾਈਚਾਰੇ ਦੇ ਮੀਡੀਆ ਚੈਨਲ ਰੇਡੀਓ ਸਪਾਈਸ ਅਤੇ ਐਨ - ਜ਼ੈੱਡ ਪੰਜਾਬੀ ਨਿਊਜ਼ ਤੇ ਵਿਸ਼ੇਸ਼ ਵੱਡੇ ਪੋਡਕਾਸਟ ਕੀਤੇ ਗਏ ਜੋ ਕਿ ਆਮ ਲੋਕਾਂ ਵਿੱਚ ਪ੍ਰਸਿੱਧ ਹੋ ਰਹੇ।
ਅੱਜ ਚੇਅਰਮੈਨ ਗੜੀ ਨੇ ਏਅਰਪੋਰਟ ਵਿਖੇ ਜਹਾਜ ਚੜਨ ਤੋਂ ਪਹਿਲਾਂ ਸਮੁੱਚੇ ਨਿਊਜ਼ੀਲੈਂਡ ਵਾਸੀਆਂ ਦਾ ਵਿਸ਼ੇਸ਼ ਧੰਨਵਾਦ ਕਰਦਿਆ ਕਿਹਾ ਕਿ ਸਾਰੇ ਦੇਸ਼ਾਂ ਵਿੱਚ ਜਾਤੀ ਧਰਮ ਦੀਆਂ ਕੰਧਾਂ ਤੋਂ ਉੱਪਰ ਉੱਠਕੇ ਸਮੁੱਚੇ ਪੰਜਾਬੀਆਂ ਨੂੰ ਲਾਮਬੰਦ ਕਰਨਾ ਅਤੇ ਊਚ ਨੀਚ ਦਾ ਸੱਭਿਆਚਾਰ ਖਤਮ ਕਰਨ ਲਈ ਗਦਰ ਕਰਨ ਦਾ ਸੱਦਾ ਪ੍ਰਵਾਨ ਕਰਨ ਲਈ ਵਿਸ਼ੇਸ਼ ਧੰਨਵਾਦ ਕਰਦਾ ਹਾਂ।