ਨਵੀਂ ਦਿੱਲੀ : ਕਾਂਗਰਸ ਨੇ ਮਹਿੰਗਾਈ ਦੇ ਮੁੱਦੇ 'ਤੇ ਕੇਂਦਰ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਮੰਚ 'ਐਕਸ' (X) 'ਤੇ ਇੱਕ ਪੋਸਟ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ 'ਸਭ ਚੰਗਾ ਸੀ' ਦਾ ਦਾਅਵਾ ਕੀਤਾ ਸੀ, ਪਰ ਹੁਣ ਸਥਿਤੀ ਇਹ ਬਣ ਗਈ ਹੈ ਕਿ 'ਹੁਣ ਤਾਂ ਸਭ ਮਹਿੰਗਾ ਸੀ' ਹੋ ਗਿਆ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ 'ਅੱਛੇ ਦਿਨ' ਦਾ ਵਾਅਦਾ ਕੀਤਾ ਗਿਆ ਸੀ, ਪਰ ਹਰ ਰੋਜ਼ ਮਹਿੰਗਾਈ ਦਾ ਨਵਾਂ ਵਾਰ ਕੀਤਾ ਜਾ ਰਿਹਾ ਹੈ, ਜਿਸ ਦਾ ਖਾਮਿਆਜ਼ਾ ਮੱਧਮ ਅਤੇ ਗਰੀਬ ਵਰਗ ਨੂੰ ਭੁਗਤਣਾ ਪੈ ਰਿਹਾ ਹੈ।
ਰਸੋਈ ਤੋਂ ਲੈ ਕੇ ਰੋਜ਼ਾਨਾ ਦੀਆਂ ਵਰਤੋਂ ਵਾਲੀਆਂ ਚੀਜ਼ਾਂ ਦੀਆਂ ਵਧਦੀਆਂ ਕੀਮਤਾਂ ਨੇ ਹਰ ਘਰ ਦਾ ਬਜਟ ਵਿਗਾੜ ਦਿੱਤਾ ਹੈ। ਦੁੱਧ, ਚਾਵਲ, ਆਟਾ, ਦਾਲਾਂ, ਖਾਣ ਵਾਲਾ ਤੇਲ, ਪਿਆਜ਼, ਆਲੂ, ਟਮਾਟਰ, ਚੀਨੀ ਅਤੇ ਘਿਓ ਸਮੇਤ ਜ਼ਰੂਰੀ ਵਸਤੂਆਂ ਦੇ ਦਾਮ ਅਸਮਾਨ ਛੂਹ ਰਹੇ ਹਨ। ਇਸ ਤੋਂ ਇਲਾਵਾ ਅਮੂਲ ਅਤੇ ਮਦਰ ਡੇਅਰੀ ਨੇ ਵੀ ਦੁੱਧ ਦੀਆਂ ਕੀਮਤਾਂ ਮੁੜ ਵਧਾ ਦਿੱਤੀਆਂ ਹਨ।
ਜੈਰਾਮ ਰਮੇਸ਼ ਅਨੁਸਾਰ ਦੀਵਾਲੀ ਤੋਂ ਬਾਅਦ ਹਿੰਦੁਸਤਾਨ ਯੂਨੀਲੀਵਰ ਵਰਗੇ ਵੱਡੇ ਬ੍ਰਾਂਡਾਂ ਨੇ ਡਿਟਰਜੈਂਟ ਅਤੇ ਹੋਮ ਕੇਅਰ ਉਤਪਾਦਾਂ—ਜਿਵੇਂ ਕਿ ਸਰਫ਼ ਐਕਸਲ, ਰਿਨ, ਵੀਲ ਅਤੇ ਮੋਤੀ ਗੁਲਾਬ ਸਾਬਣ—ਦੇ ਦਾਮ 11 ਫ਼ੀਸਦੀ ਤੱਕ ਵਧਾ ਦਿੱਤੇ ਹਨ। ਉਨ੍ਹਾਂ ਸਵਾਲ ਚੁੱਕਿਆ ਕਿ ਜਦੋਂ ਸਰਕਾਰ ਦਾ ਦਾਅਵਾ ਹੈ ਕਿ ਦੇਸ਼ ਵਿੱਚ ਚੀਨੀ ਦਾ ਉਤਪਾਦਨ ਚਾਰ ਗੁਣਾ ਵਧਿਆ ਹੈ ਅਤੇ 36 ਲੱਖ ਟਨ ਪੁਰਾਣਾ ਸਟਾਕ ਵੀ ਮੌਜੂਦ ਹੈ, ਤਾਂ ਆਮ ਜਨਤਾ ਨੂੰ ਮਹਿੰਗਾਈ ਤੋਂ ਰਾਹਤ ਕਿਉਂ ਨਹੀਂ ਮਿਲ ਰਹੀ। ਦਾਲਾਂ ਦੇ ਮਾਮਲੇ ਵਿੱਚ ਵੀ ਅਜਿਹੀ ਹੀ ਸਥਿਤੀ ਬਣੀ ਹੋਈ ਹੈ।
ਕਾਂਗਰਸ ਨੇ ਪੈਟਰੋਲ ਵਿੱਚ 20 ਫ਼ੀਸਦੀ ਏਥੇਨੌਲ ਮਿਸ਼ਰਣ 'ਤੇ ਵੀ ਸਵਾਲ ਚੁੱਕਦਿਆਂ ਪੁੱਛਿਆ ਕਿ ਕੀ ਜਨਤਾ ਨੂੰ ਵਧਦੀ ਮਹਿੰਗਾਈ ਅਤੇ ਮਿਲਾਵਟੀ ਪੈਟਰੋਲ ਦੀ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਦਾਅਵਿਆਂ ਅਤੇ ਵਾਅਦਿਆਂ ਦੀ ਬਜਾਏ ਮਹਿੰਗਾਈ 'ਤੇ ਅਸਰਦਾਰ ਠੱਲ੍ਹ ਪਾਈ ਜਾਵੇ।