ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਦੀਵਾਲੀ ਦੇ ਤਿਉਹਾਰ ਦੌਰਾਨ ਕਿਸੇ ਵੀ ਸੰਭਾਵੀ ਸਿਹਤ ਐਮਰਜੈਂਸੀ ਨਾਲ ਨਜਿੱਠਣ ਲਈ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਪੂਰੀ ਤਰ੍ਹਾਂ ਚੌਕਸ ਹੈ। ਲੋਕਾਂ ਨੂੰ ਸੁਰੱਖਿਅਤ, ਸੁਚਾਰੂ ਤੇ ਨਿਰਵਿਘਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਿਵਲ ਸਰਜਨ ਡਾ. ਅਮਨ ਸੂਦ ਨੇ ਜ਼ਿਲ੍ਹੇ ਦੇ ਸਮੂਹ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਤੇ ਸੀਨੀਅਰ ਮੈਡੀਕਲ ਅਫ਼ਸਰਾਂ (ਐੱਸ.ਐੱਮ.ਓਜ਼) ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਅਧੀਨ ਆਉਂਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਸਾਫ਼-ਸਫ਼ਾਈ, ਜ਼ਰੂਰੀ ਦਵਾਈਆਂ ਦੀ ਉਪਲੱਬਧਤਾ, ਐਮਰਜੈਂਸੀ ਸੇਵਾਵਾਂ ਅਤੇ ਸਿਹਤ ਸਟਾਫ਼ ਦੀ ਹਾਜ਼ਰੀ ਯਕੀਨੀ ਬਣਾਉਣ।
ਡਾ. ਸੂਦ ਨੇ ਕਿਹਾ ਕਿ ਦੀਵਾਲੀ ਦੌਰਾਨ ਪਟਾਕਿਆਂ ਕਾਰਨ ਅੱਗ ਨਾਲ ਝੁਲਸਣ, ਅੱਖਾਂ ਦੀਆਂ ਸੱਟਾਂ ਅਤੇ ਹੋਰ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਦਾ ਖ਼ਦਸ਼ਾ ਰਹਿੰਦਾ ਹੈ, ਇਸ ਲਈ ਸਿਹਤ ਸੰਸਥਾਵਾਂ ਵਿੱਚ ਐਮਰਜੈਂਸੀ ਪ੍ਰਬੰਧਾਂ ਦਾ ਪਹਿਲਾਂ ਹੀ ਪੁਖ਼ਤਾ ਹੋਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਵਿਭਾਗ ਦੀ ਮੁੱਖ ਤਰਜੀਹ ਹੈ ਅਤੇ ਇਸ ਸਬੰਧੀ ਕਿਸੇ ਵੀ ਪੱਧਰ 'ਤੇ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸਫ਼ਾਈ ਪ੍ਰਬੰਧਾਂ ਬਾਰੇ ਹਦਾਇਤ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਦੀਵਾਲੀ ਤੋਂ ਘੱਟੋ-ਘੱਟ ਇੱਕ ਹਫ਼ਤਾ ਪਹਿਲਾਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਜਾਵੇ। ਇਸ ਤਹਿਤ ਬਾਹਰੀ ਮਰੀਜ਼ ਵਿਭਾਗ (ਓ.ਪੀ.ਡੀ.), ਦਾਖ਼ਲ ਮਰੀਜ਼ਾਂ ਦੇ ਵਾਰਡਾਂ, ਪਖਾਨਿਆਂ, ਗਲਿਆਰਿਆਂ, ਵਿਹੜਿਆਂ, ਬਗੀਚਿਆਂ ਅਤੇ ਇਮਾਰਤਾਂ ਦੇ ਬਾਹਰੀ ਖੇਤਰਾਂ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਸ ਦੇ ਨਾਲ ਹੀ ਬਾਇਓ-ਮੈਡੀਕਲ ਰਹਿੰਦ-ਖੂੰਹਦ ਦਾ ਨਿਯਮਾਂ ਅਨੁਸਾਰ ਨਿਪਟਾਰਾ ਕਰਨ ਅਤੇ ਸਿਹਤ ਸੰਸਥਾਵਾਂ ਵਿੱਚ ਸਾਫ਼-ਸੁਥਰਾ ਮਾਹੌਲ ਬਣਾਈ ਰੱਖਣ ਲਈ ਵੀ ਕਿਹਾ ਗਿਆ ਹੈ।
ਉਨ੍ਹਾਂ ਸਮੂਹ ਐੱਸ.ਐੱਮ.ਓਜ਼ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਲੋੜੀਂਦੀਆਂ ਦਵਾਈਆਂ, ਐਮਰਜੈਂਸੀ ਦਵਾਈਆਂ, ਮੈਡੀਕਲ ਉਪਕਰਨ ਅਤੇ ਹੋਰ ਜ਼ਰੂਰੀ ਸਮੱਗਰੀ ਲੋੜੀਂਦੀ ਮਾਤਰਾ ਵਿੱਚ ਉਪਲੱਬਧ ਹੋਵੇ। ਕਿਸੇ ਵੀ ਸੰਭਾਵੀ ਐਮਰਜੈਂਸੀ ਨਾਲ ਨਜਿੱਠਣ ਲਈ ਸਬੰਧਤ ਮੈਡੀਕਲ ਟੀਮਾਂ ਨੂੰ ਤਿਆਰ-ਬਰ-ਤਿਆਰ ਰੱਖਿਆ ਜਾਵੇ ਅਤੇ ਐਮਰਜੈਂਸੀ ਪ੍ਰਬੰਧਾਂ ਦੀ ਪਹਿਲਾਂ ਹੀ ਸਮੀਖਿਆ ਕਰ ਲਈ ਜਾਵੇ।
ਐਂਬੂਲੈਂਸ ਸੇਵਾਵਾਂ ਬਾਰੇ ਸਿਵਲ ਸਰਜਨ ਨੇ ਹਦਾਇਤ ਕੀਤੀ ਕਿ ਸਾਰੀਆਂ ਐਂਬੂਲੈਂਸਾਂ ਚਾਲੂ ਹਾਲਤ ਵਿੱਚ ਹੋਣ, ਉਨ੍ਹਾਂ ਵਿੱਚ ਲੋੜੀਂਦਾ ਐਮਰਜੈਂਸੀ ਸਾਜ਼ੋ-ਸਾਮਾਨ ਮੌਜੂਦ ਹੋਵੇ ਅਤੇ ਉਹ ਚੌਵੀ ਘੰਟੇ ਸੇਵਾ ਲਈ ਤਿਆਰ ਰਹਿਣ। ਨਾਲ ਹੀ ਮੈਡੀਕਲ, ਪੈਰਾ-ਮੈਡੀਕਲ ਸਟਾਫ਼ ਅਤੇ ਹੋਰ ਸਬੰਧਤ ਕਰਮਚਾਰੀਆਂ ਦੀ ਹਾਜ਼ਰੀ ਪ੍ਰਵਾਨਿਤ ਡਿਊਟੀ ਰੋਸਟਰ ਅਨੁਸਾਰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ, ਤਾਂ ਜੋ ਤਿਉਹਾਰ ਦੌਰਾਨ ਐਮਰਜੈਂਸੀ ਸਿਹਤ ਸੇਵਾਵਾਂ ਵਿੱਚ ਕੋਈ ਵਿਘਨ ਨਾ ਪਵੇ।
ਸੁਰੱਖਿਅਤ ਦੀਵਾਲੀ ਲਈ ਸਿਹਤ ਸਲਾਹ ਜਾਰੀ
ਸਿਵਲ ਸਰਜਨ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਪਟਾਕੇ ਖੁੱਲ੍ਹੀ ਥਾਂ 'ਤੇ ਅਤੇ ਵੱਡਿਆਂ ਦੀ ਨਿਗਰਾਨੀ ਹੇਠ ਹੀ ਚਲਾਏ ਜਾਣ ਅਤੇ ਬੱਚਿਆਂ ਨੂੰ ਇਕੱਲੇ ਪਟਾਕੇ ਨਾ ਚਲਾਉਣ ਦਿੱਤੇ ਜਾਣ। ਪਟਾਕੇ ਚਲਾਉਂਦੇ ਸਮੇਂ ਸੂਤੀ ਕੱਪੜੇ ਪਹਿਨੇ ਜਾਣ ਅਤੇ ਨੇੜੇ ਪਾਣੀ ਜਾਂ ਰੇਤ ਦੀ ਬਾਲਟੀ ਰੱਖੀ ਜਾਵੇ। ਝੁਲਸਣ ਦੀ ਸੂਰਤ ਵਿੱਚ ਜ਼ਖ਼ਮ 'ਤੇ ਤੁਰੰਤ ਠੰਢਾ ਵਗਦਾ ਪਾਣੀ ਪਾਇਆ ਜਾਵੇ, ਬਰਫ਼, ਮੱਖਣ ਜਾਂ ਟੁੱਥਪੇਸਟ ਵਰਗੇ ਘਰੇਲੂ ਨੁਸਖ਼ੇ ਨਾ ਵਰਤੇ ਜਾਣ ਅਤੇ ਫ਼ੌਰਨ ਨਜ਼ਦੀਕੀ ਸਿਹਤ ਸੰਸਥਾ ਪਹੁੰਚਿਆ ਜਾਵੇ। ਅੱਖ ਵਿੱਚ ਸੱਟ ਲੱਗਣ 'ਤੇ ਅੱਖ ਨੂੰ ਮਲਿਆ ਨਾ ਜਾਵੇ, ਸਾਫ਼ ਕੱਪੜੇ ਨਾਲ ਢੱਕ ਕੇ ਤੁਰੰਤ ਹਸਪਤਾਲ ਲਿਜਾਇਆ ਜਾਵੇ। ਦਮਾ, ਸਾਹ ਤੇ ਦਿਲ ਦੇ ਮਰੀਜ਼, ਬਜ਼ੁਰਗ ਅਤੇ ਬੱਚੇ ਧੂੰਏਂ ਤੋਂ ਬਚਣ ਲਈ ਘਰ ਅੰਦਰ ਰਹਿਣ ਨੂੰ ਤਰਜੀਹ ਦੇਣ ਅਤੇ ਆਪਣੀਆਂ ਦਵਾਈਆਂ ਹੱਥ ਵਿੱਚ ਰੱਖਣ। ਉਨ੍ਹਾਂ ਇਹ ਵੀ ਕਿਹਾ ਕਿ ਮਠਿਆਈਆਂ ਤੇ ਖਾਣ-ਪੀਣ ਦੀਆਂ ਵਸਤਾਂ ਭਰੋਸੇਯੋਗ ਦੁਕਾਨਾਂ ਤੋਂ ਹੀ ਖ਼ਰੀਦੀਆਂ ਜਾਣ। ਕਿਸੇ ਵੀ ਐਮਰਜੈਂਸੀ ਵਿੱਚ ਐਂਬੂਲੈਂਸ ਲਈ 108 ਡਾਇਲ ਕੀਤਾ ਜਾਵੇ।
ਅੰਤ ਵਿੱਚ ਡਾ. ਅਮਨ ਸੂਦ ਨੇ ਕਿਹਾ ਕਿ ਸਾਰੇ ਐੱਸ.ਐੱਮ.ਓ ਇਨ੍ਹਾਂ ਹਦਾਇਤਾਂ ਦੀ ਨਿੱਜੀ ਤੌਰ 'ਤੇ ਨਿਗਰਾਨੀ ਕਰਨ ਅਤੇ ਕਿਸੇ ਵੀ ਕਮੀ ਨੂੰ ਤੁਰੰਤ ਦੂਰ ਕਰਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਦੀਵਾਲੀ ਦੌਰਾਨ ਵੀ ਸਿਹਤ ਸੇਵਾਵਾਂ ਦੀ ਨਿਰੰਤਰਤਾ ਹਰ ਹਾਲ ਵਿੱਚ ਬਰਕਰਾਰ ਰੱਖੀ ਜਾਵੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਅਪੀਲ ਕੀਤੀ ਕਿ ਤਿਉਹਾਰ ਸਾਵਧਾਨੀ, ਸਾਦਗੀ ਅਤੇ ਪ੍ਰਦੂਸ਼ਣ-ਮੁਕਤ ਢੰਗ ਨਾਲ ਮਨਾਇਆ ਜਾਵੇ।