ਫਿਲਮ 'ਸਰਦਾਰ ਜੀ 3' ਕਾਰਨ ਵਿਵਾਦਾਂ ਵਿਚ ਘਿਰੇ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਲੈ ਕੇ ਯੋਗ ਗੁਰੂ ਬਾਬਾ ਰਾਮਦੇਵ ਨੇ ਵੱਡਾ ਬਿਆਨ ਦਿੱਤਾ ਹੈ। ਦਰਅਸਲ ਇਕ ਨਿੱਜੀ ਚੈਨਲ ਵੱਲੋਂ ਇੰਟਰਵਿਊ ਦੌਰਾਨ ਬਾਬਾ ਰਾਮਦੇਵ ਕੋਲੋਂ ਦਿਲਜੀਤ ਨਾਲ ਜੁੜੇ ਵਿਵਾਦ ਬਾਰੇ ਸਵਾਲ ਕੀਤਾ ਗਿਆ ਸੀ, ਜਿਸ 'ਤੇ ਉਨ੍ਹਾਂ ਕਿਹਾ ਕਿ ਦਿਲਜੀਤ ਦੋਸਾਂਝ ਵਧੀਆ ਇਨਸਾਨ ਹਨ ਪਰ ਉਨ੍ਹਾਂ ਨੂੰ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਕਿਸੇ ਦੇ ਹੁਨਰ 'ਤੇ ਸਵਾਲ ਨਹੀਂ ਚੁੱਕਣਾ ਚਾਹੀਦਾ ਪਰ ਉਨ੍ਹਾਂ ਕਿਹਾ ਕਿ ਪਾਕਿਸਤਾਨ ਭਾਰਤ ਪ੍ਰਤੀ ਨਫਰਤ ਨਾਲ ਭਰਿਆ ਹੋਇਆ ਹੈ। ਇਸ ਲਈ ਉਨ੍ਹਾਂ ਨਾਲ ਕੰਮ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਸੀ।
ਦੱਸ ਦੇਈਏ ਕਿ ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਦੀ ਫਿਲਮ 'ਸਰਦਾਰ ਜੀ 3' ਇਸ ਸਮੇਂ ਵੱਡੇ ਵਿਵਾਦ ਦਾ ਕੇਂਦਰ ਬਣੀ ਹੋਈ ਹੈ। ਇਸ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨੂੰ ਕਾਸਟ ਕਰਨ ਕਰਕੇ ਦਿਲਜੀਤ ਦੀ ਭਾਰੀ ਆਲੋਚਨਾ ਹੋ ਰਹੀ ਹੈ। ਮਾਮਲਾ ਇੱਥੋ ਤੱਕ ਭੱਖ ਗਿਆ ਉਨ੍ਹਾਂ ਨੂੰ ਬੈਨ ਕਰਨ ਦੀ ਮੰਗ ਕੀਤੀ ਜਾਣ ਲੱਗੀ। ਅਜਿਹਾ ਇਸ ਲਈ ਕਿਉਂਕਿ ਪਹਿਲਗਾਮ ਹਮਲੇ ਤੋਂ ਬਾਅਦ, ਭਾਰਤ ਵਿੱਚ ਪਾਕਿਸਤਾਨੀ ਕਲਾਕਾਰਾਂ 'ਤੇ ਪਾਬੰਦੀ ਲੱਗੀ ਹੋਈ ਹੈ। ਉਥੇ ਹੀ ਇਸ ਵਿਵਾਦ ਨੂੰ ਵੇਖਦਿਆਂ ਫਿਲਮ ਨੇ ਨਿਰਮਾਤਾਵਾਂ ਵੱਲੋਂ ਇਹ ਫਿਲਮ ਭਾਰਤ ਨੂੰ ਛੱਡ ਕੇ ਵਿਦੇਸ਼ਾਂ ਵਿਚ 27 ਜੂਨ ਨੂੰ ਰਿਲੀਜ਼ ਕਰ ਦਿੱਤੀ ਗਈ। ਉਥੇ ਹੀ ਇਸ ਮਗਰੋਂ ਖਬਰਾਂ ਆ ਰਹੀਆਂ ਸਨ ਇਸ ਵਿਵਾਦ ਕਾਰਨ ਦਿਲਜੀਤ ਦੋਸਾਂਝ ਨੂੰ 'ਬਾਰਡਰ 2' ਫਿਲਮ ਵਿਚੋਂ ਕੱਢ ਦਿੱਤਾ ਗਿਆ ਹੈ ਪਰ ਹੁਣ ਦਿਲਜੀਤ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜੋ ਬਾਰਡਰ 2 ਫਿਲਮ ਦੀ ਸ਼ੂਟਿੰਗ ਦੌਰਾਨ ਦੀ ਹੈ, ਜਿਸ ਤੋਂ ਇਹ ਸਾਫ ਹੋ ਗਿਆ ਹੈ ਕਿ ਉਹ ਅਜੇ ਵੀ ਫਿਲਮ ਦਾ ਹਿੱਸਾ ਹਨ।