ਹੈਦਰਾਬਾਦ : ਸੱਤਾ ਧਿਰ ਕਾਂਗਰਸ ਦੇ ਵਿਧਾਇਕ ਬਤੁਲਾ ਲਕਸ਼ਮਾ ਰੈੱਡੀ ਨੇ ਆਪਣੇ ਵਿਧਾਨ ਸਭਾ ਹਲਕੇ ’ਚ ਕਿਸਾਨ-ਪੱਖੀ ਪਹਿਲ-ਕਦਮੀਆਂ ਲਈ ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈੱਡੀ ਨੂੰ ਵੀਰਵਾਰ ਨੂੰ 2 ਕਰੋੜ ਰੁਪਏ ਦਾ ਚੈੱਕ ਸੌਂਪਿਆ। ਨਲਗੋਂਡਾ ਜ਼ਿਲ੍ਹੇ ਦੇ ਮਿਰਿਆਲਗੁਡਾ ਤੋਂ ਵਿਧਾਇਕ ਲਕਸ਼ਮਾ ਰੈੱਡੀ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਦਾਨ ਕੀਤੀ ਗਈ ਇਸ ਰਾਸ਼ੀ ਦੀ ਵਰਤੋਂ 1 ਲੱਖ ਕਿਸਾਨਾਂ ਨੂੰ ਯੂਰੀਆ ਦੀ ਇਕ-ਇਕ ਥੈਲੀ ਮੁਫਤ ਮੁਹੱਈਆ ਕਰਵਾਉਣ ਲਈ ਕੀਤੀ ਜਾਵੇ।
ਇਥੇ ਜਾਰੀ ਇਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਕਿ ਵਿਧਾਇਕ ਨੇ ਆਪਣੇ ਬੇਟੇ ਦੇ ਵਿਆਹ ਦੇ ਮੌਕੇ ਮਿਰਿਆਲਗੁਡਾ ’ਚ ਇਕ ਸਵਾਗਤ ਸਮਾਰੋਹ ਆਯੋਜਿਤ ਕਰਨ ਦੀ ਯੋਜਨਾ ਬਣਾਈ ਸੀ ਪਰ ਇਸ ਦੀ ਬਜਾਏ ਉਨ੍ਹਾਂ ਨੇ ਕਿਸਾਨਾਂ ਦੀ ਮਦਦ ਲਈ ਉਹ ਰਾਸ਼ੀ ਦਾਨ ਕਰਨ ਦਾ ਫ਼ੈਸਲਾ ਕੀਤਾ। ਮੁੱਖ ਮੰਤਰੀ ਨਾਲ ਮੁਲਾਕਾਤ ਦੌਰਾਨ ਲਕਸ਼ਮਾ ਰੈੱਡੀ ਦੇ ਨਾਲ ਉਨ੍ਹਾਂ ਦਾ ਬੇਟਾ, ਨੂੰਹ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਮੌਜੂਦ ਸਨ। ਮੁੱਖ ਮੰਤਰੀ ਰੇਵੰਤ ਰੈੱਡੀ ਨੇ ਪਰਿਵਾਰ ਵੱਲੋਂ ਕੀਤੇ ਗਏ ਇਸ ਦਾਨ ਦੀ ਸ਼ਲਾਘਾ ਕੀਤੀ।