ਸ਼ਹੀਦ ਭਗਤ ਸਿੰਘ ਨਗਰ (ਮਨੋਰੰਜਨ ਕਾਲੀਆ) : ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਅੱਜ ਦੱਸਿਆ ਕਿ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਖੇ ਸੇਵਾ ਕੇਂਦਰ ਸਵੇਰੇ 8:00 ਵਜੇ ਤੋਂ ਸ਼ਾਮ 08:00 ਵਜੇ ਤੱਕ ਖੁੱਲਾ ਰਹੇਗਾ ਜਿੱਥੇ ਲੋਕ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 450 ਦੇ ਕਰੀਬ ਸੇਵਾਵਾਂ ਦਾ ਲਾਭ ਲੈ ਸਕਦੇ ਹਨ।
ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਤੋਂ ਸ਼ਨੀਵਾਰ ਤੱਕ ਇਹ ਸੇਵਾ ਕੇਂਦਰ ਸਵੇਰੇ 8:00 ਵਜੇ ਤੋਂ ਸ਼ਾਮ 08:00 ਵਜੇ ਤੱਕ ਖੁੱਲਾ ਰਹੇਗਾ ਜਦਕਿ ਐਤਵਾਰ ਨੂੰ ਇਸ ਦਾ ਸਮਾਂ ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਦੀਆਂ 27 ਅਤੇ ਮਾਲ ਵਿਭਾਗ ਦੀਆਂ 5 ਨਵੀਆਂ ਸੇਵਾਵਾਂ ਸੇਵਾ ਕੇਂਦਰਾਂ ਰਾਹੀਂ ਸ਼ੁਰੂ ਕੀਤੀਆਂ ਗਈਆਂ ਹਨ ਜਿਸ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ । ਉਨ੍ਹਾਂ ਕਿਹਾ ਕਿ ਇਹ ਸੇਵਾਵਾਂ ਲੋਕਾਂ ਵੱਲੋਂ ਹੈਲਪਲਾਈਨ ਨੰਬਰ 1076 ‘ਤੇ ਕਾਲ ਕਰਕੇ ਘਰ ਬੈਠੇ ਹੀ ਹਾਸਲ ਕੀਤੀਆਂ ਜਾ ਸਕਦੀਆਂ ਹਨ।
ਜਿਕਰਯੋਗ ਹੈ ਕਿ ਹੁਣ ਟਰਾਂਸਪੋਰਟ ਵਿਭਾਗ ਦੀਆਂ ਸਾਰਥੀ ਪੋਰਟਲ ਨਾਲ ਸਬੰਧਤ ਲਰਨਰ ਲਾਇਸੈਂਸ ਦੀ ਅਰਜੀ, ਲਰਨਰ ਲਾਇਸੈਂਸ ‘ਤੇ ਪਤੇ ਜਾਂ ਨਾਮ ਵਿੱਚ ਸੋਧ, ਡੁਪਲੀਕੇਟ ਲਰਨਰ ਲਾਇਸੈਂਸ ਨੂੰ ਜਾਰੀ ਕਰਵਾਉਣਾ, ਡੁਪਲੀਕੇਟ ਡਰਾਈਵਿੰਗ ਲਾਇਸੈਂਸ ਨੂੰ ਜਾਰੀ ਕਰਵਾਉਣਾ, ਜਿਹੜੇ ਲਾਇਸੈਂਸ ਲਈ ਡਰਾਈਵਿੰਗ ਟੈਸਟ ਲੋੜੀਂਦਾ ਨਹੀਂ ਹੈ ਨੂੰ ਨਵਿਆਉਣਾ, ਡਰਾਈਵਿੰਗ ਲਾਇਸੈਂਸ ਨੂੰ ਬਦਲਨਾ, ਡਰਾਈਵਿੰਗ ਲਾਇਸੈਂਸ ‘ਤੇ ਪਤੇ, ਨਾਮ ਜਾਂ ਜਨਮ ਮਿਤੀ ਵਿੱਚ ਸੋਧ, ਡਰਾਈਵਿੰਗ ਲਾਇਸੈਂਸ ਦੇ ਐਕਸਟ੍ਰੈਕਟ ਲੈਣੇ, ਲਾਇਸੈਂਸ ‘ਤੇ ਵ੍ਹੀਕਲ ਨੂੰ ਸਰੰਡਰ ਕਰਨਾ, ਡਰਾਇਵਰ ਲਈ ਜਨਤਕ ਸੇਵਾ ਵ੍ਹੀਕਲ(ਪੀ.ਐਸ.ਵੀ) ਬੈਚ ਜਾਰੀ ਕਰਵਾਉਣ, ਕੰਡਕਟਰ ਦਾ ਲਾਇਸੈਂਸ ਜਾਰੀ ਨਵਿਆਉਣਾ ਅਤੇ ਲਰਨਰ ਲਾਇਸੈਂਸ ਦੀ ਮਿਆਦ ਵਿੱਚ ਵਾਧੇ ਦੀਆਂ ਸੇਵਾਵਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ।
ਇਸੇ ਤਰ੍ਹਾਂ ਵਾਹਨ ਪੋਰਟਲ ਨਾਲ ਸਬੰਧਤ ਸੇਵਾਵਾਂ ਵਿੱਚ ਕਮਰਸ਼ੀਅਲ ਵਾਹਨਾਂ (ਹੈਵੀ ਮੋਟਰ ਵ੍ਹੀਕਲ, ਮੈਨੂਅਲ/ਆਟੋਮੈਟਿਡ) ਲਈ ਫਿਟਨਸ ਸਰਟੀਫਿਕੇਟ ਜਾਰੀ ਕਰਵਾਉਣਾ, ਕਮਰਸ਼ੀਅਲ ਵਾਹਨਾਂ (ਮੀਡੀਅਮ ਮੋਟਰ ਵ੍ਹੀਕਲ, ਮੈਨੂਅਲ/ਆਟੋਮੈਟਿਡ) ਲਈ ਫਿਟਨਸ ਸਰਟੀਫਿਕੇਟ ਜਾਰੀ ਕਰਵਾਉਣਾ, ਕਮਰਸ਼ੀਅਲ ਵਾਹਨਾਂ (ਤਿੰਨ ਪਹੀਆ ਜਾਂ ਚਾਰ ਪਹੀਆ ਜਾਂ ਐਲ.ਐਮ.ਵੀ. ) ਲਈ ਫਿਟਨਸ ਸਰਟੀਫਿਕੇਟ ਜਾਰੀ ਕਰਵਾਉਣਾ, ਲਾਈਫ ਟਾਈਮ ਟੈਕਸ ਦੀ ਅਦਾਇਗੀ, ਆਰ.ਸੀ. ਦੇ ਵੇਰਵੇ ਦੇਖਣੇ, ਰਜਿਸਟ੍ਰੇਸ਼ਨ ਸਰਟੀਫਿਕੇਟ ਲਈ ਐਨ.ਓ.ਸੀ. , ਟਰਾਂਸਪੋਰਟ ਸੇਵਾਵਾਂ ਦੇ ਰਿਕਾਰਡ ਲਈ ਮੋਬਾਇਲ ਨੰ. ਅਪਡੇਟ ਕਰਨਾ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਵਿੱਚ ਦਿੱਤੇ ਪਤੇ ਦੀ ਸੋਧ ਕਰਵਾਉਣਾ ਸ਼ਾਮਲ ਹੈ।
ਮਾਲ ਵਿਭਾਗ ਨਾਲ ਸਬੰਧਤ 5 ਸੇਵਾਵਾਂ ਵਿੱਚ ਡੀਡ ਰਜਿਸਟ੍ਰੇਸ਼ਨ, ਡੀਡ ਲਿਖਵਾਉਣਾ, ਡੀਡ ਦੀ ਅਗਾਊਂ ਪੜਤਾਲ, ਡੀਡ ਜਮ੍ਹਾਂ ਕਰਵਾਉਣ ਲਈ ਸਮਾਂ ਲੈਣਾ, ਸਟੈਂਪ ਡਿਊਟੀ ਦੀ ਅਦਾਇਗੀ ਜਾਂ ਹੋਰਨਾਂ ਅਦਾਇਗੀਆਂ ਨਾਲ ਸਬੰਧਤ ਨਾਗਰਿਕ ਸੇਵਾਵਾਂ, ਇੰਤਕਾਲ(ਵਿਰਾਸਤੀ ਜਾਂ ਰਜਿਸਟਰਡ ਡੀਡ ਵਾਲੇ) ਲਈ ਅਰਜੀ ਦੇਣਾ, ਰਪਟ(ਅਦਾਲਤੀ ਹੁਕਮਾਂ ਨਾਲ ਸਬੰਧਤ, ਬੈਂਕ ਕਰਜਿਆਂ/ਕਿਸ਼ਤਾਂ ਜਾਂ ਬੈਂਕ ਕਰਜਿਆਂ ਦੀ ਮੁਆਫੀ) ਦੀ ਐਂਟਰੀ ਲਈ ਅਰਜੀ, ਫਰਦ ਬਦਰ (ਸੋਧ ਜਾਂ ਰਿਕਾਰਡ) ਦੀ ਅਰਜੀ ਅਤੇ ਡਿਜੀਟਲ ਹਸਤਾਖਰਾਂ ਵਾਲੀ ਫਰਦ ਵਾਲੀਆਂ ਨਾਗਰਿਕ ਸੇਵਾਵਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।