ਚੰਡੀਗੜ੍ਹ : ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ ਵੱਡੀ ਜਿੱਤ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਰੋਧੀਆਂ ਨੂੰ ਵੀ ਕਰਾਰ ਜਵਾਬ ਦਿੱਤਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਧੂਰੀ ਦੇ ਧੂਰਾ ਬਲਾਕ ਸੰਮਤੀ 'ਚ 9 ਵੋਟਾਂ 'ਤੇ ਕਾਂਗਰਸ ਜਿੱਤੀ ਹੈ। ਝੁਨੀਰ ਵਿਖੇ ਵੀ ਕਾਂਗਰਸ 30 ਵੋਟਾਂ 'ਤੇ ਜਿੱਤੀ ਹੈ। ਬਾਕੀ ਜ਼ਿਲ੍ਹਿਆਂ 'ਚ ਕਾਂਗਰਸ ਕਈ-ਕਈ ਵੋਟਾਂ ਤੋਂ ਜਿੱਤੀ ਹੈ ਅਤੇ ਹੋਰ ਪਾਰਟੀਆਂ ਦੇ ਉਮੀਦਵਾਰ ਵੀ ਜਿੱਤੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਵਿਰੋਧੀ ਧਿਰਾਂ ਵਲੋਂ ਸਾਡੇ 'ਤੇ ਲਾਇਆ ਬੈਲਟ ਪੇਪਰ ਵੱਧ ਛਪਾ ਲੈਣ ਦਾ ਇਲਜ਼ਾਮ ਬਿਲਕੁਲ ਝੂਠਾ ਹੈ।
ਉਨ੍ਹਾਂ ਕਿਹਾ ਕਿ ਅਸਲ 'ਚ ਵਿਰੋਧੀ ਇਹ ਸਾਰਾ ਕੁੱਝ ਕਰਦੇ ਰਹੇ ਹਨ ਅਤੇ ਇਸ ਲਈ ਉਹ ਸਾਡੇ 'ਤੇ ਦੋਸ਼ ਲਾਉਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰੀ ਪਹਿਲੀ ਵਾਰ ਵੀਡੀਓਗ੍ਰਾਫੀ ਹੋਈ ਹੈ ਅਤੇ ਸਾਰੇ ਚੈਨਲਾਂ 'ਤੇ ਲਾਈਵ ਚੱਲਿਆ ਹੈ। ਉਨ੍ਹਾਂ ਕਿਹਾ ਕਿ ਕਈ ਥਾਵਾਂ 'ਤੇ ਆਮ ਆਦਮੀ ਪਾਰਟੀ ਵੀ ਹਾਰੀ ਹੈ ਪਰ ਕੋਈ ਗੱਲ ਨਹੀਂ, ਸਭ ਨੂੰ ਜਿੱਤਣ ਦਾ ਹੱਕ ਹੈ ਅਤੇ ਉਨ੍ਹਾਂ ਨੇ ਜਿੱਤਣ ਵਾਲੀਆਂ ਪਾਰਟੀਆਂ ਨੂੰ ਵਧਾਈਆਂ ਵੀ ਦਿੱਤੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਲੋਕਾਂ ਦਾ ਫਤਵਾ ਸਿਰ ਮੱਥੇ ਹੈ ਅਤੇ ਮੈਨੂੰ ਉਮੀਦ ਹੈ ਕਿ ਲੋਕਾਂ ਨੇ ਸਾਰੇ ਨੁਮਾਇੰਦੇ ਸਹੀ ਹੀ ਚੁਣੇ ਹੋਣਗੇ। ਉਨ੍ਹਾਂ ਦੱਸਿਆ ਕਿ ਸਾਡੀ ਪਾਰਟੀ ਦੀਆਂ ਪੇਂਡੂ ਇਲਾਕਿਆਂ 'ਚ ਕੁੱਲ 70 ਫ਼ੀਸਦੀ ਸੀਟਾਂ ਬਣਦੀਆਂ ਹਨ ਅਤੇ ਅਗਲੀਆਂ ਚੋਣਾਂ ਵੀ ਅਸੀਂ ਵਿਕਾਸ ਦੇ ਮੁੱਦੇ 'ਤੇ ਹੀ ਲੜਾਂਗੇ। ਉਨ੍ਹਾਂ ਕਿ ਅਸੀਂ ਨਫ਼ਰਤ ਵਾਲੀ ਨਹੀਂ, ਸਗੋਂ ਕੰਮਾਂ ਵਾਲੀ ਰਾਜਨੀਤੀ ਕਰਦੇ ਹਾਂ। ਨਸ਼ਿਆਂ ਖ਼ਿਲਾਫ਼ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੂਬੇ ਅੰਦਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਚੱਲ ਰਹੀ ਹੈ ਅਤੇ ਵੱਡੇ-ਵੱਡੇ ਨਸ਼ਾ ਤਸਕਰ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਜਾ ਚੁੱਕੇ ਹਨ।