ਜਲੰਧਰ : ਸਵੱਛ ਭਾਰਤ ਮਿਸ਼ਨ ਤਹਿਤ ਕਰਵਾਏ ਸਵੱਛਤਾ ਸਰਵੇਖਣ 2024-25 ਵਿਚ ਜਲੰਧਰ ਨਗਰ ਨਿਗਮ ਨੇ ਇਕ ਵਾਰ ਨਵਾਂ ਰਿਕਾਰਡ ਬਣਾਉਂਦੇ ਹੋਏ ਦੇਸ਼ ਭਰ ਵਿਚ 10 ਲੱਖ ਤਕ ਦੀ ਆਬਾਦੀ ਵਾਲੇ ਸ਼ਹਿਰਾਂ ਦੀ ਸ਼੍ਰੇਣੀ ਵਿਚ 82ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਹ ਪ੍ਰਦਰਸ਼ਨ ਪਿਛਲੇ ਸਾਲ ਦੀ ਤੁਲਨਾ ਵਿਚ ਵਰਣਨਯੋਗ ਰੂਪ ਨਾਲ ਬਿਹਤਰ ਹੈ, ਜਦੋਂ ਜਲੰਧਰ ਨੂੰ ਰਾਸ਼ਟਰੀ ਪੱਧਰ ’ਤੇ 239ਵਾਂ ਰੈਂਕ ਪ੍ਰਾਪਤ ਹੋਇਆ ਸੀ। ਇਸ ਤਰ੍ਹਾਂ ਜਲੰਧਰ ਨਗਰ ਨਿਗਮ ਨੇ 157 ਪਾਏਦਾਨ ਉੱਪਰ ਉੱਠ ਕੇ ਨਾ ਸਿਰਫ਼ ਸ਼ਹਿਰ ਦੇ ਅਕਸ ਨੂੰ ਸਵੱਛਤਾ ਦੇ ਖੇਤਰ ਵਿਚ ਰੌਸ਼ ਨ ਕੀਤਾ ਹੈ, ਸਗੋਂ ਪੰਜਾਬ ਵਿਚ ਤੀਜੇ ਸਥਾਨ ’ਤੇ ਆ ਕੇ ਇਕ ਨਵੀਂ ਮਿਸਾਲ ਵੀ ਕਾਇਮ ਕੀਤੀ ਹੈ।
ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਇਸ ਉਪਲੱਬਧੀ ’ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਕੰਮਕਾਜ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਪ੍ਰਦਰਸ਼ਨ ’ਤੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਟੀਮ ਨੇ ਸਫਾਈ ਵਿਵਸਥਾ ਨੂੰ ਸੁਧਾਰਨ ਲਈ ਲਗਾਤਾਰ ਮਿਹਨਤ ਕੀਤੀ ਹੈ, ਜਿਸ ਦਾ ਨਤੀਜਾ ਅੱਜ ਸਾਰਿਆਂ ਦੇ ਸਾਹਮਣੇ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਆਉਣ ਵਾਲੇ ਸਾਲਾਂ ਵਿਚ ਇਹ ਰੈਂਕ ਹੋਰ ਬਿਹਤਰ ਹੋਵੇਗਾ।
ਪੂਰੇ ਪੰਜਾਬ ’ਚ ਜਲੰਧਰ ਤੀਜੇ ਸਥਾਨ ’ਤੇ ਆਇਆ
ਸਵੱਛਤਾ ਰੈਂਕਿੰਗ ਦੇ ਮਾਮਲੇ ਵਿਚ ਇਸ ਵਾਰ ਪੰਜਾਬ ਦੇ ਸ਼ਹਿਰਾਂ ਨੇ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ ਹੈ। ਜਲੰਧਰ ਨੇ ਪੂਰੇ ਪੰਜਾਬ ਵਿਚ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਬਠਿੰਡਾ (ਰੈਂਕ 51) ਅਤੇ ਪਟਿਆਲਾ (ਰੈਂਕ 76) ਦੇ ਬਾਅਦ ਜਲੰਧਰ ਤੀਜੇ ਸਥਾਨ ’ਤੇ ਰਿਹਾ। ਇਸ ਦੇ ਨਾਲ ਹੀ ਐੱਸ. ਏ. ਐੱਸ. ਨਗਰ, ਹੁਸ਼ਿਆਰਪੁਰ, ਅਬੋਹਰ, ਮੋਗਾ, ਫਗਵਾੜਾ ਅਤੇ ਕਪੂਰਥਲਾ ਵਰਗੇ ਸ਼ਹਿਰ ਇਸ ਸਰਵੇ ਵਿਚ ਪਿੱਛੇ ਰਹੇ।
ਜਲੰਧਰ ਨਗਰ ਨਿਗਮ ਨੂੰ ਇਸ ਸਾਲ ‘ਵਾਟਰ ਪਲੱਸ’ ਸਟੇਟਸ ਵੀ ਦਿੱਤਾ ਗਿਆ ਹੈ, ਜੋ ਸ਼ਹਿਰ ਦੀ ਜਲ ਪ੍ਰਬੰਧਨ ਅਤੇ ਸੀਵਰੇਜ ਕੰਟਰੋਲ ਪ੍ਰਣਾਲੀ ਵਿਚ ਸੁਧਾਰ ਨੂੰ ਦਰਸਾਉਂਦਾ ਹੈ। ਇਹ ਇਕ ਵਾਧੂ ਉਪਲੱਬਧੀ ਹੈ, ਜੋ ਦਰਸਾਉਂਦੀ ਹੈ ਕਿ ਨਗਰ ਨਿਗਮ ਸਵੱਛਤਾ ਦੇ ਨਾਲ-ਨਾਲ ਜਲ ਸੁਰੱਖਿਆ ਅਤੇ ਪ੍ਰਦੂਸ਼ਣ ਕੰਟਰੋਲ ਦੇ ਖੇਤਰ ਵਿਚ ਵੀ ਪ੍ਰਭਾਵਸ਼ਾਲੀ ਕੰਮ ਕਰ ਰਿਹਾ ਹੈ।
ਸ਼ਹਿਰ ਦੀ ਸਵੱਛਤਾ ਰੈਂਕਿੰਗ ’ਚ ਆਉਂਦਾ ਰਿਹੈ ਉਤਾਰ-ਚੜ੍ਹਾਅ
ਜ਼ਿਕਰਯੋਗ ਹੈ ਕਿ ਜਲੰਧਰ ਦੀ ਸਵੱਛਤਾ ਰੈਂਕਿੰਗ ਵਿਚ ਲਗਾਤਾਰ ਉਤਾਰ-ਚੜ੍ਹਾਅ ਆਉਂਦਾ ਰਿਹਾ ਹੈ। ਸਾਲ 2017-18 ਇਹ ਰੈਂਕ 233 ਸੀ, ਜੋ 2019-20 ਤਕ ਘਟ ਕੇ 166 ਹੋ ਗਿਆ। 2020-21 ਵਿਚ ਇਹ 119 ਤਕ ਪਹੁੰਚ ਗਿਆ ਸੀ ਪਰ ਉਸ ਦੇ ਬਾਅਦ ਕੁਝ ਸਾਲਾਂ ਵਿਚ ਰੈਂਕਿੰਗ ਵਿਚ ਗਿਰਾਵਟ ਆਈ ਅਤੇ ਪਿਛਲੇ ਸਾਲ 239 ਤਕ ਪਹੁੰਚ ਗਈ। ਇਸ ਵਾਰ ਨਗਰ ਨਿਗਮ ਨੇ ਸਮੁੱਚੇ ਯਤਨਾਂ ਅਤੇ ਯੋਜਨਾਵਾਂ ਦੇ ਦਮ ’ਤੇ 82ਵਾਂ ਰੈਂਕ ਹਾਸਲ ਕਰ ਕੇ ਇਕ ਵਾਰ ਫਿਰ ਤੋਂ ਆਪਣੀ ਸਥਿਤੀ ਮਜ਼ਬੂਤ ਕੀਤੀ। ਨਗਰ ਨਿਗਮ ਦੀ ਇਸ ਉਪਲੱਬਧੀ ਨਾਲ ਸ਼ਹਿਰ ਵਾਸੀਆਂ ਵਿਚ ਉਤਸ਼ਾਹ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਜਲੰਧਰ ਸਵੱਛਤਾ ਦੇ ਖੇਤਰ ਵਿਚ ਹੋਰ ਵੀ ਬਿਹਤਰ ਪ੍ਰਦਰਸ਼ਨ ਕਰੇਗਾ।
ਇਸ ਉਪਲੱਬਧੀ ਲਈ ਸ਼ਹਿਰ ਵਾਸੀਆਂ, ਸਫ਼ਾਈ ਕਰਮਚਾਰੀਆਂ ਅਤੇ ਸਾਰੇ ਜਨ-ਪ੍ਰਤੀਨਿਧੀਆਂ ਨੂੰ ਵਧਾਈ। ਇਹ ਪੂਰੇ ਜਲੰਧਰ ਦੀ ਮਿਹਨਤ ਅਤੇ ਸਹਿਯੋਗ ਦਾ ਨਤੀਜਾ ਹੈ। ਪਿਛਲੇ ਸਾਲਾਂ ਦੀ ਤੁਲਨਾ ਵਿਚ ਸ਼ਹਿਰ ਹੁਣ ਪਹਿਲਾਂ ਨਾਲੋਂ ਕਾਫੀ ਸਾਫ-ਸੁਥਰਾ ਦਿਖਾਈ ਦਿੰਦਾ ਹੈ, ਜੋ ਆਮ ਲੋਕਾਂ ਦੀ ਜਾਗਰੂਕਤਾ ਅਤੇ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਨਿਗਮ ਭਵਿੱਖ ਵਿਚ ਸਵੱਛਤਾ ਦੀ ਦਿਸ਼ਾ ਵਿਚ ਹੋਰ ਜ਼ਿਆਦਾ ਯਤਨ ਕਰੇਗਾ ਤਾਂ ਕਿ ਜਲੰਧਰ ਸਿਖਰਲੀ ਰੈਂਕਿੰਗ ਵਾਲੇ ਸ਼ਹਿਰਾਂ ਵਿਚ ਸ਼ਾਮਲ ਹੋ ਸਕੇ। ਸ਼ਹਿਰੀਆਂ ਨੂੰ ਵੀ ਆਪਣੀ ਜ਼ਿੰਮੇਵਾਰੀ ਪ੍ਰਤੀ ਜਾਗਰੂਕ ਹੋਣਾ ਹੋਵੇਗਾ ਤਾਂ ਹੀ ਚੰਗੀ ਰੈਂਕਿੰਗ ਸੰਭਵ ਹੈ।-ਵਿਨੀਤ ਧੀਰ, ਮੇਅਰ ਜਲੰਧਰ
ਜਲੰਧਰ ਦਾ ਸਿਟੀ ਰਿਪੋਰਟ ਕਾਰਡ ਵੀ ਜਾਰੀ
ਰਿਹਾਇਸ਼ੀ ਇਲਾਕਿਆਂ ਵਿਚ ਸਫ਼ਾਈ ਬਿਹਤਰੀਨ, ਡੰਪ ਸਾਈਟਸ ਅਤੇ ਵਾਟਰ ਬਾਡੀਜ਼ ਦੀ ਸਫ਼ਾਈ ’ਚ ਸਿਫ਼ਰ
ਸਵੱਛ ਭਾਰਤ ਮਿਸ਼ਨ ਤਹਿਤ ਕੀਤੇ ਗਏ ਸਵੱਛਤਾ ਸਰਵੇਖਣ 2024-25 ਵਿਚ ਜਲੰਧਰ ਦੀ ਰੈਂਕਿੰਗ ਭਾਵੇਂ ਕਾਫੀ ਸੁਧਰੀ ਪਰ ਨਿਗਮ ਦਾ ਪ੍ਰਦਰਸ਼ਨ ਇਸ ਵਾਰ ਰਲਿਆ-ਮਿਲਿਆ ਰਿਹਾ। ਸਰਵੇ ਟੀਮਾਂ ਨੇ ਸ਼ਹਿਰ ਦਾ ਦੌਰਾ ਕਰਕੇ ਵੱਖ-ਵੱਖ ਇਲਾਕਿਆਂ ਵਿਚ ਸਫ਼ਾਈ ਵਿਵਸਥਾ ਦੀ ਅਸਲੀ ਸਥਿਤੀ ਦਾ ਮੁਲਾਂਕਣ ਕੀਤਾ। ਟੀਮਾਂ ਨੇ ਸਥਾਨਕ ਲੋਕਾਂ ਨਾਲ ਗੱਲਬਾਤ, ਸਪਾਟ ਵਿਜ਼ਿਟ, ਨਗਰ ਨਿਗਮ ਤੋਂ ਦਸਤਾਵੇਜ਼ ਤਲਬ ਅਤੇ ਫੋਨ ’ਤੇ ਸਰਵੇ ਜ਼ਰੀਏ ਰਿਪੋਰਟ ਤਿਆਰ ਕੀਤੀ। ਇਸ ਸਰਵੇਖਣ ਦੇ ਆਧਾਰ ’ਤੇ ਜਲੰਧਰ ਦਾ ਸਿਟੀ ਰਿਪੋਰਟ ਕਾਰਡ ਹੇਠ ਲਿਖੇ ਅਨੁਸਾਰ ਸਾਹਮਣੇ ਆਇਆ ਹੈ :
-ਰਿਹਾਇਸ਼ੀ ਇਲਾਕਿਆਂ ’ਚ ਸਫ਼ਾਈ : 100 ਫ਼ੀਸਦੀ
-ਮਾਰਕੀਟ ਇਲਾਕਿਆਂ ਵਿਚ ਸਫ਼ਾਈ : 95 ਫ਼ੀਸਦੀ
-ਜਨਤਕ ਪਖਾਨਿਆਂ ਦੀ ਸਫ਼ਾਈ : 55 ਫ਼ੀਸਦੀ
-ਘਰ-ਘਰ ਤੋਂ ਕੂੜੇ ਦੀ ਕੁਲੈਕਸ਼ਨ : 40 ਫ਼ੀਸਦੀ
-ਕੂੜੇ ਦਾ ਉਤਪਾਦਨ ਅਤੇ ਪ੍ਰੋਸੈਸਿੰਗ : 19 ਫ਼ੀਸਦੀ
-ਸੋਰਸ ਸੈਗ੍ਰੀਗੇਸ਼ਨ : 15 ਫ਼ੀਸਦੀ
-ਡੰਪ ਸਾਈਟਸ ਦੀ ਸਫ਼ਾਈ : 0 ਫ਼ੀਸਦੀ
-ਵਾਟਰ ਬਾਡੀਜ਼ ਦੀ ਸਫ਼ਾਈ : 0 ਫ਼ੀਸਦੀ
ਇਹ ਰਿਪੋਰਟ ਦਰਸਾਉਂਦੀ ਹੈ ਕਿ ਜਲੰਧਰ ਨਗਰ ਨਿਗਮ ਨੇ ਰਿਹਾਇਸ਼ੀ ਅਤੇ ਕਮਰਸ਼ੀਅਲ ਇਲਾਕਿਆਂ ਦੀ ਸਫ਼ਾਈ ’ਤੇ ਤਾਂ ਚੰਗਾ ਕੰਮ ਕੀਤਾ ਹੈ ਪਰ ਕੂੜੇ ਦੀ ਪ੍ਰੋਸੈਸਿੰਗ, ਡੰਪ ਸਾਈਟਸ ਦੀ ਮੈਨੇਜਮੈਂਟ ਅਤੇ ਵਾਟਰ ਬਾਡੀਜ਼ ਦੀ ਸਵੱਛਤਾ ਵਰਗੇ ਇਲਾਕਿਆਂ ਵਿਚ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਹੈ। ਨਗਰ ਨਿਗਮ ਨੂੰ ਹੁਣ ਇਨ੍ਹਾਂ ਪ੍ਰਮੁੱਖ ਕਮੀਆਂ ਨੂੰ ਦੂਰ ਕਰਨ ’ਤੇ ਗੰਭੀਰਤਾ ਨਾਲ ਕੰਮ ਕਰਨਾ ਹੋਵੇਗਾ ਤਾਂ ਕਿ ਅਗਲੇ ਸਰਵੇਖਣ ਵਿਚ ਸ਼ਹਿਰ ਦੀ ਰੈਂਕਿੰਗ ਬਿਹਤਰ ਹੋਵੇ ਅਤੇ ਨਾਗਰਿਕਾਂ ਨੂੰ ਇਕ ਸਵੱਛ ਅਤੇ ਸਿਹਤਮੰਦ ਵਾਤਾਵਰਣ ਮਿਲ ਸਕੇ।