ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-43 ਬੱਸ ਸਟੈਂਡ ਦੇ ਪਿੱਛੇ ਸੋਮਵਾਰ ਰਾਤ ਕਰੀਬ 10:30 ਵਜੇ ਪੁਲਸ ਦੇ ਆਪਰੇਸ਼ਨ ਸੈੱਲ ਅਤੇ ਬੰਬੀਹਾ ਗੈਂਗ ਦੇ ਮੈਂਬਰਾਂ ਵਿਚਕਾਰ ਮੁਕਾਬਲਾ ਹੋਇਆ। ਸੂਤਰਾਂ ਦੇ ਮੁਤਾਬਕ ਇਹ ਮੁਲਜ਼ਮ ਸੁੱਖਾ ਕਾਹਲਵਾਂ ਕਤਲ ਕੇਸ ਦੇ ਮੁੱਖ ਗਵਾਹ ਗੋਪੀ ਨਿੱਝਰ ਦੇ ਕਤਲ ਮਾਮਲੇ 'ਚ ਫ਼ਰਾਰ ਚੱਲ ਰਹੇ ਸਨ। ਮਿਲੀ ਜਾਣਕਾਰੀ ਅਨੁਸਾਰ ਜਦੋਂ ਆਪਰੇਸ਼ਨ ਸੈੱਲ ਦੀ ਟੀਮ ਨੇ ਮੁਲਜ਼ਮਾਂ ਨੂੰ ਘੇਰਿਆ ਤਾਂ ਉਨ੍ਹਾਂ ਨੇ ਪੁਲਸ 'ਤੇ ਇੱਕ ਤੋਂ ਬਾਅਦ ਇੱਕ ਤਿੰਨ ਫਾਇਰ ਕੀਤੇ।
ਇਸ ਦੌਰਾਨ ਇੱਕ ਗੋਲੀ ਐਨਕਾਊਂਟਰ ਸਪੈਸ਼ਲਿਸਟ ਏ. ਐੱਸ. ਆਈ. ਸਤਵਿੰਦਰ ਦੀ ਜੈਕਟ 'ਤੇ ਲੱਗੀ, ਜਿਸ ਕਾਰਨ ਉਹ ਵਾਲ-ਵਾਲ ਬਚ ਗਏ। ਪੁਲਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਦੋ ਫਾਇਰ ਕੀਤੇ ਅਤੇ ਕਰਾਸ ਫਾਇਰਿੰਗ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਨੂੰ ਮੌਕੇ 'ਤੇ ਹੀ ਦਬੋਚ ਲਿਆ। ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਅਜੇ ਕੁਮਾਰ, ਪ੍ਰਭਜੋਤ ਸਿੰਘ ਅਤੇ ਜੋਬਨ ਵਜੋਂ ਹੋਈ ਹੈ, ਜੋ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ।
ਪੁਲਸ ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ 3 ਵਿਦੇਸ਼ੀ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਜਾਂਚ 'ਚ ਸਾਹਮਣੇ ਆਇਆ ਹੈ ਕਿ ਇਹ ਮੁਲਜ਼ਮ ਡੋਨੀ ਬਲ ਦੇ ਕਹਿਣ 'ਤੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲਸ ਨੇ ਗੈਰ-ਕਾਨੂੰਨੀ ਹਥਿਆਰ ਜ਼ਬਤ ਕਰਕੇ ਸੈਕਟਰ-36 ਪੁਲਸ ਸਟੇਸ਼ਨ ਵਿੱਚ ਮੁਕੱਦਮਾ ਦਰਜ ਕਰ ਲਿਆ ਹੈ।