ਚੀਨ ਨੇ ਭਾਰਤੀ ਸਰਹੱਦ ਦੇ ਨੇੜੇ ਤਿੱਬਤ ’ਚ ਬ੍ਰਹਮਪੁੱਤਰ ਦਰਿਆ ’ਤੇ 167.8 ਅਰਬ ਡਾਲਰ ਦੀ ਲਾਗਤ ਨਾਲ ਬੰਨ੍ਹ ਦਾ ਨਿਰਮਾਣ ਸ਼ਨੀਵਾਰ ਨੂੰ ਰਸਮੀ ਤੌਰ ’ਤੇ ਸ਼ੁਰੂ ਕਰ ਦਿੱਤਾ ਹੈ।
ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਨੇ ਨਿਯੰਗਚੀ ਸ਼ਹਿਰ ’ਚ ਬ੍ਰਹਮਪੁੱਤਰ ਦਰਿਆ ਦੇ ਹੇਠਲੇ ਖੇਤਰ, ਜਿਸ ਨੂੰ ਸਥਾਨਕ ਤੌਰ ’ਤੇ ਯਾਰਲੁੰਗ ਜਾਂਗਬੋ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ’ਚ ਆਯੋਜਿਤ ਸਮਾਰੋਹ ’ਚ ਬੰਨ੍ਹ ਦੇ ਨਿਰਮਾਣ ਕਾਰਜ ਸ਼ੁਰੂ ਹੋਣ ਦਾ ਐਲਾਨ ਕੀਤਾ।
ਇਹ ਸਮਾਰੋਹ ਤਿੱਬਤ ਖੁਦਮੁਖਤਿਆਰ ਖੇਤਰ ਦੇ ਨਿਯੰਗਚੀ ਮੇਨਲਿੰਗ ਪਣ-ਬਿਜਲੀ ਸਟੇਸ਼ਨ ਦੇ ਬੰਨ੍ਹ ਵਾਲੀ ਥਾਂ ’ਤੇ ਆਯੋਜਿਤ ਹੋਇਆ। ਦੁਨੀਆ ਦਾ ਸਭ ਤੋਂ ਵੱਡਾ ਬੁਨਿਆਦੀ ਢਾਂਚਾ ਪ੍ਰਾਜੈਕਟ ਮੰਨੇ ਜਾਣ ਵਾਲੇ ਇਸ ਪਣ-ਬਿਜਲੀ ਪ੍ਰਾਜੈਕਟ ਨੇ ਭਾਰਤ ਅਤੇ ਬੰਗਲਾਦੇਸ਼ ’ਚ ਚਿੰਤਾ ਪੈਦਾ ਕਰ ਦਿੱਤੀ ਹੈ। ਖ਼ਬਰ ਅਨੁਸਾਰ ਇਸ ਪ੍ਰਾਜੈਕਟ ’ਚ 5 ਪਣ-ਬਿਜਲੀ ਸਟੇਸ਼ਨ ਸ਼ਾਮਲ ਹੋਣਗੇ।