ਨਵੀਂ ਦਿੱਲੀ : ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਪੰਜਾਬ ਦੇ ਗੁਰਦਾਸਪੁਰ ਪੁਲਸ ਸਟੇਸ਼ਨ ’ਤੇ ਹੋਏ ਗ੍ਰਨੇਡ ਹਮਲੇ ਸਬੰਧੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅੱਤਵਾਦੀ ਰਿੰਦਾ ਸਮੇਤ 7 ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਹੈ।
ਇਹ ਹਮਲਾ ਪਿਛਲੇ ਸਾਲ ਦਸੰਬਰ ’ਚ ਕੀਤਾ ਗਿਆ ਸੀ। 7 ’ਚੋਂ 3 ਅਜੇ ਵੀ ਫਰਾਰ ਹਨ। ਬੱਬਰ ਖਾਲਸਾ ਦੇ ਅੱਤਵਾਦੀ ਹਰਪ੍ਰੀਤ ਸਿੰਘ ਉਰਫ ਹੈਪੀ ਤੇ ਗੁਰਪ੍ਰੀਤ ਉਰਫ ਗੋਪੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਸੀ। ਅਮਰੀਕਾ ’ਚ ਰਹਿਣ ਵਾਲਾ ਹੈਪੀ, ਪਾਕਿਸਤਾਨ ’ਚ ਰਹਿਣ ਵਾਲਾ ਹਰਵਿੰਦਰ ਸਿੰਘ ਉਰਫ ਰਿੰਦਾ ਤੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਉਰਫ ਹਨੀ ਤਿੰਨੋਂ ਫਰਾਰ ਹਨ।
ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਿਸ਼ਾਨੇ ’ਤੇ ਨਾਬਾਲਗ
ਜਾਣਕਾਰੀ ਅਨੁਸਾਰ ਬੱਬਰ ਖਾਲਸਾ ਇੰਟਰਨੈਸ਼ਨਲ ਪੰਜਾਬ ਦੇ ਕਈ ਇਲਾਕਿਆਂ ’ਚ ਨਾਬਾਲਗ ਮੁੰਡਿਆਂ ਨੂੰ ਭਰਤੀ ਕਰ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਗਿਰੋਹ ਨਾਲ ਜੁੜੇ ਕਈ ਹੋਰ ਵਿਅਕਤੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।
ਜਿਸ ਤਰ੍ਹਾਂ ਪੰਜਾਬ ਪੁਲਸ ਦੀ ਲਗਾਤਾਰ ਛਾਪੇਮਾਰੀ ਕਾਰਨ ਬੱਬਰ ਖਾਲਸਾ ਇੰਟਰਨੈਸ਼ਨਲ ਦੀਆਂ ਲਰਗਰਮੀਆਂ ਪੰਜਾਬ ’ਚ ਲਗਭਗ ਖਤਮ ਹੋ ਗਈਆਂ ਹਨ, ਹੁਣ ਇਹ ਪੁਲਸ ਤੋਂ ਬਚਣ ਲਈ ਨਾਬਾਲਗ ਬੱਚਿਆਂ ਦੀ ਮਦਦ ਲੈ ਰਿਹਾ ਹੈ।