ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਉਸ ਅਰਜ਼ੀ ’ਤੇ ਰਾਹੁਲ ਗਾਂਧੀ ਅਤੇ ਹੋਰਾਂ ਤੋਂ ਜਵਾਬ ਮੰਗਿਆ ਜਿਸ ਵਿਚ 12 ਅਕਤੂਬਰ ਨੂੰ ਸੁਪਰੀਮ ਕੋਰਟ ਵੱਲ ਕੱਢੇ ਗਏ ਮਾਰਚ ਦੌਰਾਨ ਕਾਂਗਰਸ ਨੇਤਾ ਵੱਲੋਂ ਇਕ ਗਰਭਵਤੀ ਪੱਤਰਕਾਰ ਨੂੰ ਧੱਕਾ ਦੇਣ ਦਾ ਦੋਸ਼ ਲਗਾਇਆ ਗਿਆ ਹੈ। ਚੀਫ਼ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਏਮਾਲਿਆ ਬਾਗਚੀ ਦੀ ਬੈਂਚ ਦੇ ਸਾਹਮਣੇ ਇਸ ਅਰਜ਼ੀ ਦਾ ਜ਼ਿਕਰ ਕੀਤਾ ਗਿਆ, ਜਿਸ ਤੋਂ ਬਾਅਦ ਅਦਾਲਤ ਨੇ ਰਾਹੁਲ ਗਾਂਧੀ ਅਤੇ ਹੋਰਾਂ ਨੂੰ ਨੋਟਿਸ ਜਾਰੀ ਕੀਤਾ।
ਮਾਮਲੇ ਦਾ ਜ਼ਿਕਰ ਕਰਨ ਵਾਲੇ ਸੀਨੀਅਰ ਵਕੀਲ ਗੌਰਵ ਭਾਟੀਆ ਨੇ ਦੱਸਿਆ ਕਿ ਇਕ ਵਿਚਾਰ ਅਧੀਨ ਪਟੀਸ਼ਨ ਵਿਚ ਇਹ ਨਵੀਂ ਅਰਜ਼ੀ ਦਾਇਰ ਕੀਤੀ ਗਈ ਹੈ। ਅਰਜ਼ੀ ਵਿਚ ਕਿਹਾ ਗਿਆ ਕਿ ਰਿਸਪੋਂਡੈਂਟ ਨੰਬਰ-ਚਾਰ (ਰਾਹੁਲ ਗਾਂਧੀ) ਨੇ ਅਚਾਨਕ ਮਹਿਲਾ ਪੱਤਰਕਾਰ ਨੂੰ ਗੇਟ ਵੱਲ ਇੰਨੀ ਤਾਕਤ ਨਾਲ ਧੱਕਾ ਦਿੱਤਾ ਕਿ ਉਹ ਆਪਣਾ ਸੰਤੁਲਨ ਗੁਆ ਕੇ ਡਿੱਗ ਗਈ। ਸੁਰੱਖਿਆ ਕਰਮਚਾਰੀਆਂ, ਪੱਤਰਕਾਰਾਂ ਅਤੇ ਆਮ ਲੋਕਾਂ ਦੀ ਮੌਜੂਦਗੀ ਵਿਚਾਲੇ ਇਹ ਧੱਕਾ ਸ਼ਰੇਆਮ ਦਿੱਤਾ ਗਿਆ। ਵਿਚਾਰ ਅਧੀਨ ਪਟੀਸ਼ਨ ਵਿਚ ਦਾਇਰ ਇਸ ਅਰਜ਼ੀ ਵਿਚ ਰਾਹੁਲ ਗਾਂਧੀ ਅਤੇ ਇਸ ‘ਹਮਲੇ’ ਵਿਚ ਸ਼ਾਮਲ ਹੋਰ ਸਾਰੇ ਲੋਕਾਂ ਖ਼ਿਲਾਫ ਤੁਰੰਤ ਐੱਫ.ਆਈਆਰ. ਦਰਜ ਕਰਨ ਦੇ ਹੁਕਮ ਦੇਣ ਅਤੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ।