4 ਸੂਬਿਆਂ ਦੀਆਂ 5 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਦਾ ਕੰਮ ਜਾਰੀ ਹੈ। ਪੰਜਾਬ ਦੇ ਲੁਧਿਆਣਾ ਵੈਸਟ ਸਣੇ ਗੁਜਰਾਤ ਦੀਆਂ 2, ਪੱਛਮੀ ਬੰਗਾਲ ਤੇ ਕੇਰਲ ਦੀ 1-1 ਵਿਧਾਨ ਸਭਾ ਸੀਟ 'ਤੇ ਜ਼ਿਮਨੀ ਚੋਣਾਂ ਦੀ ਗਿਣਤੀ ਹੋ ਰਹੀ ਹੈ, ਜਿਨ੍ਹਾਂ 'ਚੋਂ ਲੁਧਿਆਣਾ ਵੈਸਟ, ਗੁਜਰਾਤ ਦੀ ਕਾਦੀ ਤੇ ਵਿਸਾਵਦਰ ਸੀਟਾਂ ਦੇ ਨਤੀਜੇ ਸਾਹਮਣੇ ਆ ਗਏ ਹਨ। 5 ਵਿਚੋਂ 2 ਸੀਟਾਂ- ਲੁਧਿਆਣਾ ਵੈਸਟ ਅਤੇ ਗੁਜਰਾਤ ਦੇ ਵਿਸਾਵਦਰ ਸੀਟ ਤੋਂ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ।
ਜੇਕਰ ਗੱਲ ਕੇਰਲ ਦੀ ਕੀਤੀ ਜਾਵੇ ਤਾਂ ਕੇਰਲ ਦੀ ਨੀਲਾਂਬੁਰ ਸੀਟ 'ਤੇ ਕਾਂਗਰਸ ਉਮੀਦਵਾਰ ਆਰਿਆਦਾਨ ਸ਼ੌਕਤ ਜਿੱਤੇ ਹਨ। ਉਨ੍ਹਾਂ ਨੇ ਮਾਕਸਵਾਦੀ ਕਮਿਊਨਿਸਟ ਪਾਰਟੀ CPI (M) ਉਮੀਦਵਾਰ ਐੱਮ. ਸਵਰਾਜ ਨੂੰ 11,077 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ਸ਼ੌਕਤ ਨੂੰ 77,737 ਵੋਟਾਂ ਮਿਲੀਆਂ ਹਨ, ਜਦਕਿ ਸਵਰਾਜ ਨੇ 66,660 ਵੋਟਾਂ ਹਾਸਲ ਕੀਤੀਆਂ ਹਨ। ਸ਼ੌਕਤ ਦੀ ਜਿੱਤ ਮਗਰੋਂ ਪਾਰਟੀ ਵਰਕਰਾਂ ਵਿਚਾਲੇ ਜਸ਼ਨ ਦਾ ਮਾਹੌਲ ਹੈ।
ਦੱਸ ਦੇਈਏ ਕਿ ਕੇਰਲ ਦੇ ਨੀਲਾਂਬੁਰ, ਪੰਜਾਬ ਦੇ ਲੁਧਿਆਣਾ ਵੈਸਟ, ਪੱਛਮੀ ਬੰਗਾਲ ਦੇ ਕਾਲੀਗੰਜ ਅਤੇ ਗੁਜਰਾਤ ਦੇ ਵਿਸਾਵਦਰ ਅਤੇ ਕਾਦੀ ਵਿਚ 19 ਜੂਨ ਨੂੰ ਵੋਟਾ ਪਈਆਂ ਸਨ। ਲੋਕਾਂ ਨੇ ਵੱਡੀ ਗਿਣਤੀ ਵਿੱਚ ਵੋਟ ਪਾਈਆਂ ਸਨ। ਚੋਣ ਕਮਿਸ਼ਨ ਮੁਤਾਬਕ 19 ਜੂਨ ਨੂੰ ਕੇਰਲ ਦੀ ਨੀਲਾਂਬੁਰ ਸੀਟ 'ਤੇ ਜ਼ਿਮਨੀ ਚੋਣ ਵਿਚ 75.27 ਫ਼ੀਸਦੀ ਵੋਟਾਂ ਪਈਆਂ ਸਨ।