ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਡਾ. ਅਨਿਲ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਿਪਟੀ ਡਾਇਰੈਕਟਰ ਡਾ. ਰੋਹਿਣੀ ਗੋਇਲ ਦੀ ਯੋਗ ਰਹਿਨੁਮਾਈ ਹੇਠ ਸਿਹਤ ਵਿਭਾਗ, ਪੰਜਾਬ ਦੀ ਏ.ਐੱਮ.ਆਰ. ਸਟੇਟ ਟੀਮ ਦੇ ਪ੍ਰਤੀਨਿਧ ਡਾ. ਪਰਵਿੰਦਰ ਕੌਰ ਚਾਵਲਾ ਨੇ ਵਿਸ਼ਵ ਐਂਟੀਮਾਈਕ੍ਰੋਬੀਅਲ ਜਾਗਰੂਕਤਾ ਸਪਤਾਹ ਜੋ ਕਿ 18 ਤੋਂ 24 ਨਵੰਬਰ ਤੱਕ ਮਨਾਇਆ ਜਾਂਦਾ ਹੈ, ਤਹਿਤ ਸਿਵਲ ਹਸਪਤਾਲ, ਨਵਾਂਸ਼ਹਿਰ ਦਾ ਦੌਰਾ ਕਰਕੇ ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਜਾਗਰੂਕਤਾ ਮੀਟਿੰਗ ਕੀਤੀ।
ਇਸ ਮੌਕੇ ਡਾ. ਚਾਵਲਾ ਨੇ ਕਿਹਾ ਕਿ ਐਂਟੀਮਾਈਕ੍ਰੋਬੀਅਲ ਦਵਾਈਆਂ ਦੀ ਗਲਤ ਤੇ ਬੇਲੋੜੀ ਵਰਤੋਂ ਨਾਲ ਇਨ੍ਹਾਂ ਦਾ ਅਸਰ ਘਟਣ ਲੱਗਦਾ ਹੈ, ਜਿਸ ਕਾਰਨ ਇੰਫੈਕਸ਼ਨਾਂ ਦਾ ਇਲਾਜ ਮੁਸ਼ਕਲ ਹੋ ਸਕਦਾ ਹੈ। ਉਨ੍ਹਾਂ ਨੇ ਸਿਹਤ ਕਰਮਚਾਰੀਆਂ ਨੂੰ ਐਂਟੀਬਾਇਓਟਿਕਸ ਦੀ ਵਰਤੋਂ ਡਾਕਟਰੀ ਸਲਾਹ ਅਨੁਸਾਰ ਕਰਨ, ਸਫ਼ਾਈ ਤੇ ਹੱਥਾਂ ਦੀ ਸਵੱਛਤਾ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਮਰੀਜ਼ਾਂ ਨੂੰ ਦਵਾਈਆਂ ਦੀ ਸਹੀ ਵਰਤੋਂ ਬਾਰੇ ਜਾਗਰੂਕ ਕਰਨ ਦੀ ਅਪੀਲ ਕੀਤੀ।
ਡਾ. ਪਰਵਿੰਦਰ ਨੇ ਕਿਹਾ ਕਿ ਏ.ਐੱਮ.ਆਰ. ਦੀ ਰੋਕਥਾਮ ਵਿਭਾਗ ਦੀ ਅਹਿਮ ਤਰਜੀਹ ਹੈ ਅਤੇ ਇਸ ਲਈ ਡਾਕਟਰਾਂ, ਨਰਸਿੰਗ, ਫਾਰਮੇਸੀ ਤੇ ਲੈਬਾਰਟਰੀ ਸਟਾਫ਼ ਦਾ ਤਾਲਮੇਲ ਜ਼ਰੂਰੀ ਹੈ। ਉਨ੍ਹਾਂ ਨੇ ਹਸਪਤਾਲ ਦੇ ਸਾਰੇ ਵਿਭਾਗਾਂ ਨੂੰ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ। ਨੋਡਲ ਅਫ਼ਸਰ ਏ.ਐੱਮ.ਆਰ.-ਕਮ-ਸਹਾਇਕ ਸਿਵਲ ਸਰਜਨ ਡਾ. ਬਲਜੀਤ ਕਮਲ ਅਤੇ ਐੱਸ.ਐੱਮ.ਓ. ਡਾ. ਅਜੇ ਕੁਮਾਰ ਬਸਰਾ ਨੇ ਭਰੋਸਾ ਦਿੱਤਾ ਕਿ ਹਸਪਤਾਲ ਵਿੱਚ ਇੰਫੈਕਸ਼ਨ ਕੰਟਰੋਲ, ਐਂਟੀਮਾਈਕ੍ਰੋਬੀਅਲ ਸਟੀਵਰਡਸ਼ਿਪ ਤੇ ਦਵਾਈਆਂ ਦੀ ਤਰਕਸੰਗਤ ਵਰਤੋਂ ਦੇ ਨਿਯਮ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤੇ ਜਾਣਗੇ। ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਮਰਜ਼ੀ ਨਾਲ ਐਂਟੀਬਾਇਓਟਿਕਸ ਨਾ ਲੈਣ, ਡਾਕਟਰ ਦੀ ਸਲਾਹ ਤੋਂ ਬਿਨਾਂ ਦਵਾਈ ਸ਼ੁਰੂ ਜਾਂ ਬੰਦ ਨਾ ਕਰਨ ਅਤੇ ਬਚੀਆਂ ਦਵਾਈਆਂ ਦੀ ਮੁੜ ਵਰਤੋਂ ਨਾ ਕਰਨ। ਇਸ ਮੌਕੇ ਹਸਪਤਾਲ ਅਧਿਕਾਰੀਆਂ ਵੱਲੋਂ ਡਾ. ਚਾਵਲਾ ਨੂੰ ਇੰਡੋਰ ਪਲਾਂਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਾ. ਜਸਕਰਨ, ਡਾ. ਮਨਪ੍ਰੀਤ, ਡਾ. ਜਤਿਨ ਭੱਲਾ, ਡਾ. ਮੋਨਿਕਾ, ਨਰਸਿੰਗ ਸਿਸਟਰ ਜਸਬੀਰ ਕੌਰ, ਕਮਲਜੀਤ, ਸੀਨੀਅਰ ਫਾਰਮੇਸੀ ਅਫ਼ਸਰ ਪਰਮਵੀਰ ਪ੍ਰਿੰਸ, ਮਾਈਕ੍ਰੋਬਾਇਓਲੋਜਿਸਟ ਰੁਪਿੰਦਰ ਸਿੰਘ, ਐੱਮ.ਐੱਲ.ਟੀ. ਮਿਤੇਸ਼ ਕੁਮਾਰ ਤੇ ਲਲਿਤ ਵੀ ਹਾਜ਼ਰ ਸਨ।