ਪ੍ਰਯਾਗਰਾਜ : ਇਲਾਹਾਬਾਦ ਹਾਈਕੋਰਟ ਨੇ ਸ਼ਨੀਵਾਰ ਨੂੰ ਸੰਭਲ ਜ਼ਿਲ੍ਹੇ ਵਿਚ ਕਥਿਤ ਤੌਰ 'ਤੇ ਤਾਲਾਬ ਦੀ ਜ਼ਮੀਨ 'ਤੇ ਬਣੀ ਇਕ ਮਸਜਿਦ ਨੂੰ ਢਾਹੇ ਜਾਣ ਦੇ ਵਿਰੁੱਧ ਦਾਇਰ ਕੀਤੀ ਇਕ ਪਟੀਸ਼ਨ ਸ਼ਨੀਵਾਰ ਨੂੰ ਖਾਰਿਜ ਕਰ ਦਿੱਤੀ ਗਈ ਹੈ। ਜਸਟਿਸ ਦਿਨੇਸ਼ ਪਾਠਕ ਨੇ ਇਹ ਹੁਕਮ ਮਸਜਿਦ ਕਮੇਟੀ ਵਲੋਂ ਦਾਇਰ ਕੀਤੀ ਪਟੀਸ਼ਨ 'ਤੇ ਦਿੱਤਾ ਹੈ।
ਪਟੀਸ਼ਨਕਰਤਾ ਨੇ ਕਿਹਾ ਕਿ ਸਥਾਨਕ ਮੁਸਲਿਮ ਭਾਈਚਾਰਾ 2009 ਤੋਂ ਜ਼ਿਲ੍ਹੇ ਦੇ ਗੋਸੁਲਬਾਰਾ ਰਾਵਣ ਬੁਜ਼ੁਰਗ ਇਲਾਕੇ ਵਿਚ ਸਥਿਤ ਮਸਜਿਦ ਵਿਚ ਸ਼ਾਂਤੀਪੂਰਵਕ ਨਮਾਜ਼ ਅਦਾ ਕਰਨ ਰਿਹਾ ਸੀ। ਮਸਜਿਦ ਨੂੰ ਢਾਹੁਣ ਦੇ ਪ੍ਰਸ਼ਾਸਨਿਕ ਆਦੇਸ਼ ਪਾਸ ਹੋਣ ਤੋਂ ਪਹਿਲਾਂ ਉਹਨਾਂ ਨੂੰ ਸਹੀ ਨੋਟਿਸ ਜਾਂ ਸੁਣਵਾਈ ਦਾ ਮੌਕਾ ਨਹੀਂ ਦਿੱਤਾ ਗਿਆ ਸੀ। ਇਸ ਮਾਮਲੇ ਦੀ ਸੁਣਵਾਈ ਤੁਰੰਤ ਕੀਤੀ ਗਈ, ਕਿਉਂਕਿ ਪਟੀਸ਼ਨ ਵਿੱਚ ਜ਼ੋਰ ਦਿੱਤਾ ਗਿਆ ਸੀ ਕਿ ਮਸਜਿਦ ਨੂੰ ਢਾਹੁਣ ਦੇ ਪ੍ਰਸ਼ਾਸਨਿਕ ਹੁਕਮ ਦੇ ਮੱਦੇਨਜ਼ਰ ਦੁਸਹਿਰੇ ਦੀਆਂ ਛੁੱਟੀਆਂ ਦੌਰਾਨ ਸੁਣਵਾਈ ਜ਼ਰੂਰੀ ਸੀ। ਪਟੀਸ਼ਨ ਵਿੱਚ ਦੋਸ਼ ਲਗਾਇਆ ਗਿਆ ਹੈ ਕਿ 2 ਸਤੰਬਰ ਨੂੰ ਅਧਿਕਾਰੀਆਂ ਨੇ ਕਥਿਤ ਤੌਰ 'ਤੇ ਮਸਜਿਦ ਨੂੰ ਢਾਹੁਣ ਦਾ ਹੁਕਮ ਦਿੱਤਾ ਸੀ।
ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪਟੀਸ਼ਨਕਰਤਾ ਨੂੰ 2 ਅਕਤੂਬਰ ਤੱਕ ਹੁਕਮ ਦੀ ਕਾਪੀ ਨਹੀਂ ਦਿੱਤੀ ਗਈ ਸੀ। ਹਾਲਾਂਕਿ, 30 ਸਤੰਬਰ ਨੂੰ ਪਟੀਸ਼ਨਕਰਤਾ ਨੂੰ ਪ੍ਰਸਤਾਵਿਤ ਕਾਰਵਾਈ ਬਾਰੇ ਸੂਚਿਤ ਕਰਨ ਲਈ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ। ਇਹ ਨੋਟਿਸ ਸਪੱਸ਼ਟ ਤੌਰ 'ਤੇ 2 ਸਤੰਬਰ ਦੇ ਹੁਕਮ ਦਾ ਹਵਾਲਾ ਦਿੰਦਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਕਾਰਵਾਈ "02.09.2025 ਦੇ ਹੁਕਮ ਦੇ ਅਨੁਸਾਰ" ਕੀਤੀ ਜਾ ਰਹੀ ਹੈ।