ਯਰੂਸ਼ਲਮ : ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਹਮਾਸ ਆਪਣੀਆਂ ਸ਼ਰਤਾਂ ਨਹੀਂ ਮੰਨਦਾ ਤਾਂ ਗਾਜ਼ਾ ਸ਼ਹਿਰ ਤਬਾਹ ਹੋ ਸਕਦਾ ਹੈ, ਕਿਉਂਕਿ ਇਜ਼ਰਾਈਲ ਇਸ 'ਤੇ ਆਪਣੇ ਹਮਲੇ ਨੂੰ ਵਧਾਉਣ ਦੀ ਤਿਆਰੀ ਕਰ ਰਿਹਾ ਹੈ। ਇਹ ਚਿਤਾਵਨੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੱਲੋਂ ਫੌਜ ਨੂੰ ਗਾਜ਼ਾ ਸ਼ਹਿਰ 'ਤੇ ਕਬਜ਼ਾ ਕਰਨ ਦੀ ਇਜਾਜ਼ਤ ਦੇਣ ਦੇ ਐਲਾਨ ਤੋਂ ਇਕ ਦਿਨ ਬਾਅਦ ਆਈ ਹੈ। ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਚਿਤਾਵਨੀ ਦਿੱਤੀ ਕਿ ਖੇਤਰ ਦਾ ਸਭ ਤੋਂ ਵੱਡਾ ਸ਼ਹਿਰ "ਰਫਾਹ ਅਤੇ ਬੈਤ ਹਾਨੂਨ" ਖੇਤਰਾਂ ਵਾਂਗ ਮਲਬੇ 'ਚ ਬਦਲ ਸਕਦਾ ਹੈ, ਜੋ ਯੁੱਧ ਦੇ ਸ਼ੁਰੂਆਤੀ ਪੜਾਅ 'ਚ ਤਬਾਹ ਕਰ ਦਿੱਤਾ ਗਿਆ ਸੀ।
ਉਨ੍ਹਾਂ ਨੇ 'ਐਕਸ' 'ਤੇ ਕਿਹਾ,''ਗਾਜ਼ਾ 'ਚ ਹਮਾਸ ਦੇ ਕਾਤਲ ਅਤੇ ਬਲਾਤਕਾਰੀ ਜੇਕਰ ਯੁੱਧ ਨੂੰ ਖ਼ਤਮ ਕਰਨ ਲਈ ਇਜ਼ਰਾਈਲ ਦੀਆਂ ਸ਼ਰਤਾਂ ਸਵੀਕਾਰ ਨਹੀਂ ਕਰਦੇ ਤਾਂ ਉਨ੍ਹਾਂ ਲਈ ਜਲਦ ਹੀ ਨਰਕ ਦੇ ਦਰਵਾਜ਼ੇ ਖੁੱਲ੍ਹਣ ਵਾਲੇ ਹਨ।'' ਕਾਟਸ ਨੇ ਇਜ਼ਰਾਈਲ ਦੀਆਂ ਜੰਗਬੰਦੀ ਦੀਆਂ ਸ਼ਰਤਾਂ ਨੂੰ ਦੋਹਰਾਇਆ, ਜਿਸ 'ਚ ਸਾਰੇ ਬੰਧਕਾਂ ਦੀ ਰਿਹਾਈ ਅਤੇ ਹਮਾਸ ਦਾ ਪੂਰੀ ਤਰ੍ਹਾਂ ਨਿਰਸ਼ਸਤਰੀਕਰਨ ਸ਼ਾਮਲ ਹੈ। ਉੱਥੇ ਹੀ ਹਮਾਸ ਦਾ ਕਹਿਣਾ ਹੈ ਕਿ ਉਹ ਜੰਗ ਖ਼ਤਮ ਕਰਨ ਦੇ ਬਦਲੇ ਬੰਧਕਾਂ ਨੂੰ ਰਿਹਾਅ ਕਰ ਸਕਦਾ ਹੈ ਪਰ ਫਲਸਤੀਨੀ ਰਾਸ਼ਟਰ ਦੀ ਸਥਾਪਨਾ ਦੇ ਬਿਨਾਂ ਨਿਰਸ਼ਸਤਰੀਕਰਨ ਨੂੰ ਸਵੀਕਾਰ ਨਹੀਂ ਕਰੇਗਾ।