ਵਾਸ਼ਿੰਗਟਨ : ਇੱਕ ਵਿਅਕਤੀ ਦੀ ਐਮ.ਆਰ.ਆਈ ਮਸ਼ੀਨ ਦੁਆਰਾ ਖਿੱਚੇ ਜਾਣ ਤੋਂ ਬਾਅਦ ਦੁਖਦਾਈ ਮੌਤ ਹੋ ਗਈ ਹੈ। ਇਸ ਘਟਨਾ ਦੀ ਵਿਆਪਕ ਚਰਚਾ ਹੋ ਰਹੀ ਹੈ ਕਿ ਕਿਵੇਂ ਇੱਕ ਛੋਟੀ ਜਿਹੀ ਲਾਪਰਵਾਹੀ ਕਾਰਨ ਇੱਕ ਵਿਅਕਤੀ ਐਮ.ਆਰ.ਆਈ ਮਸ਼ੀਨ ਦੇ ਅੰਦਰ ਫਸ ਗਿਆ ਅਤੇ ਉਸਦੀ ਮੌਤ ਹੋ ਗਈ। ਘਟਨਾ ਅਮਰੀਕਾ ਦੇ ਲੌਂਗ ਆਈਲੈਂਡ ਦੀ ਹੈ।
ਡੇਲੀ ਮੇਲ ਦੀ ਰਿਪੋਰਟ ਦੇ ਅਨੁਸਾਰ 61 ਸਾਲਾ ਕੀਥ ਮੈਕਐਲਿਸਟਰ ਵੈਸਟਬਰੀ ਦੇ ਨਾਸਾਓ ਵਿੱਚ ਇੱਕ ਓਪਨ ਐਮ.ਆਰ.ਆਈ ਮਸ਼ੀਨ ਦੇ ਅੰਦਰ ਫਸ ਗਿਆ ਅਤੇ ਗੰਭੀਰ ਜ਼ਖਮੀ ਹੋ ਗਿਆ। ਇਸ ਮਗਰੋਂ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਮੈਟਲ ਦਾ ਹਾਰ ਪਹਿਨ ਕੇ ਮਸ਼ੀਨ ਨੇੜੇ ਚਲਾ ਗਿਆ ਸੀ। ਉਸਦੇ ਗਲੇ ਵਿੱਚ 20 ਪੌਂਡ ਵਜ਼ਨੀ ਧਾਤ ਦੀ ਚੇਨ ਸੀ।
ਕੀਥ ਦੀ ਪਤਨੀ ਐਡਰੀਅਨ ਜੋਨਸ-ਮੈਕਐਲਿਸਟਰ ਨੇ ਦੱਸਿਆ ਕਿ ਉਹ ਆਪਣੇ ਗੋਡੇ ਦੀ ਐਮ.ਆਰ.ਆਈ ਕਰਵਾਉਣ ਗਈ ਸੀ। ਐਮ.ਆਰ.ਆਈ ਹੋਣ ਤੋਂ ਬਾਅਦ ਉਸਨੇ ਟੈਕਨੀਸ਼ੀਅਨ ਨੂੰ ਬੇਨਤੀ ਕੀਤੀ ਕਿ ਉਹ ਉਸਦੇ ਪਤੀ ਨੂੰ ਅੰਦਰ ਭੇਜੇ। ਉਹ ਉਸਨੂੰ ਮੇਜ਼ ਤੋਂ ਉਤਰਨ ਵਿੱਚ ਮਦਦ ਕਰੇਗਾ। ਜਦੋਂ ਮੈਕਐਲਿਸਟਰ ਸਕੈਨਿੰਗ ਰੂਮ ਵਿੱਚ ਦਾਖਲ ਹੋਇਆ ਤਾਂ ਉਸਦੇ ਗਲੇ ਵਿੱਚ 20 ਪੌਂਡ ਵਜ਼ਨੀ ਧਾਤ ਦੀ ਚੇਨ ਸੀ। ਕਮਰੇ ਵਿੱਚ ਦਾਖਲ ਹੋਣ ਤੋਂ ਥੋੜ੍ਹੀ ਦੇਰ ਬਾਅਦ ਐਮ.ਆਰ.ਆਈ ਮਸ਼ੀਨ ਦੇ ਸ਼ਕਤੀਸ਼ਾਲੀ ਚੁੰਬਕ ਨੇ ਅਚਾਨਕ ਉਸਨੂੰ ਅੰਦਰ ਖਿੱਚ ਲਿਆ। ਥੋੜ੍ਹੀ ਦੇਰ ਬਾਅਦ ਉਹ ਆਪਣੀ ਪਤਨੀ ਦੀਆਂ ਬਾਹਾਂ ਵਿਚ ਬੇਹੋਸ਼ੀ ਦੀ ਹਾਲਤ ਵਿਚ ਸੀ। ਉਸ ਦਾ ਸਾਹ ਰੁਕਿਆ ਹੋਇਆ ਸੀ। ਪਰਿਵਾਰ ਨੇ ਟੈਕਨੀਸ਼ੀਅਨ 'ਤੇ ਦੋਸ਼ ਲਗਾਇਆ ਹੈ ਕਿ ਗਲੇ ਵਿਚ ਚੇਨ ਹੋਣ ਦੇ ਬਾਵਜੂਦ ਟੈਕਨੀਸ਼ੀਅਨ ਨੇ ਕੀਥ ਨੂੰ ਕਮਰੇ ਵਿੱਚ ਦਾਖਲ ਕਿਉਂ ਹੋਣ ਦਿੱਤਾ।