ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਆਸਟ੍ਰੇਲੀਆ ਵਿਚ ਘੱਟੋ-ਘੱਟ 2 ਯਹੂਦੀ ਵਿਰੋਧੀ ਹਮਲਿਆਂ ਪਿੱਛੇ ਈਰਾਨ ਦਾ ਹੱਥ ਹੋਣ ਦਾ ਦੋਸ਼ ਲਾਉਂਦਿਆਂ ਮੰਗਲਵਾਰ ਨੂੰ ਤਹਿਰਾਨ ਨਾਲ ਸਾਰੇ ਕੂਟਨੀਤਕ ਸਬੰਧ ਖਤਮ ਕਰ ਦਿੱਤੇ ਹਨ ਤੇ ਈਰਾਨੀ ਰਾਜਦੂਤ ਨੂੰ ਦੇਸ਼ ਨਿਕਾਲਾ ਦੇ ਦਿੱਤਾ ਹੈ।
ਅਲਬਾਨੀਜ਼ ਨੇ ਕਿਹਾ ਕਿ ਆਸਟ੍ਰੇਲੀਆਈ ਸੁਰੱਖਿਆ ਖੁਫੀਆ ਸੰਗਠਨ (ਏ.ਐੱਸ.ਆਈ.ਓ.) ਨੇ ਸਿੱਟਾ ਕੱਢਿਆ ਹੈ ਕਿ ਈਰਾਨ ਸਰਕਾਰ ਨੇ ਪਿਛਲੇ ਸਾਲ ਅਕਤੂਬਰ ਵਿਚ ਸਿਡਨੀ ’ਚ ਕੋਸ਼ੇਰ (ਯਹੂਦੀ ਧਾਰਮਿਕ ਕਾਨੂੰਨਾਂ ਅਨੁਸਾਰ ਤਿਆਰ ਕੀਤਾ ਗਿਆ ਭੋਜਨ) ਫੂਡ ਕੰਪਨੀ ‘ਲੂਈਸ ਕਾਂਟੀਨੈਂਟਲ ਕਿਚਨ’ ਅਤੇ ਪਿਛਲੇ ਸਾਲ ਦਸੰਬਰ ’ਚ ਮੈਲਬੌਰਨ ਵਿਚ ‘ਅਦਸ ਇਜ਼ਰਾਈਲ ਸਿਨਾਗੌਗ’ ’ਤੇ ਹਮਲੇ ਦਾ ਨਿਰਦੇਸ਼ ਦਿੱਤਾ ਸੀ। ਈਰਾਨ ਸਰਕਾਰ ਨੇ ਇਸ ਸਬੰਧੀ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਆਸਟ੍ਰੇਲੀਆਈ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਆਸਟ੍ਰੇਲੀਆ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕਿਸੇ ਰਾਜਦੂਤ ਨੂੰ ਕੱਢਿਆ ਹੈ। 2023 ਵਿਚ ਹਮਾਸ ਅਤੇ ਇਜ਼ਰਾਈਲ ਵਿਚਕਾਰ ਯੁੱਧ ਸ਼ੁਰੂ ਹੋਣ ਤੋਂ ਬਾਅਦ ਇਨ੍ਹਾਂ ਦੋਵਾਂ ਸ਼ਹਿਰਾਂ ’ਚ ਯਹੂਦੀ ਵਿਰੋਧੀ ਘਟਨਾਵਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਅਲਬਾਨੀਜ਼ ਨੇ ਕਿਹਾ ਕਿਹਾ ਕਿ ਏ.ਐੱਸ.ਆਈ.ਓ. ਭਰੋਸੇਯੋਗ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਇਕ ਬਹੁਤ ਹੀ ਪ੍ਰੇਸ਼ਾਨ ਕਰਨ ਵਾਲੇ ਸਿੱਟੇ ’ਤੇ ਪਹੁੰਚਿਆ ਹੈ ਕਿ ਘੱਟੋ-ਘੱਟ 2 ਹਮਲਿਆਂ ਦਾ ਈਰਾਨ ਸਰਕਾਰ ਨੇ ਨਿਰਦੇਸ਼ ਦਿੱਤਾ ਸੀ।