ਬੀਤੇ ਕੁਝ ਦਿਨਾਂ ਤੋਂ ਬਿਹਾਰ 'ਚ ਵੋਟਰ ਸੂਚੀਆਂ ਤੇ SIR ਮੁੱਦੇ 'ਤੇ ਸਿਆਸਤ ਭਖੀ ਹੋਈ ਹੈ। ਵਿਰੋਧੀ ਪਾਰਟੀਆਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਚੋਣ ਕਮਿਸ਼ਨ ਭਾਜਪਾ ਸਰਕਾਰ ਨਾਲ ਮਿਲੀ ਹੋਈ ਹੈ ਤੇ ਇਸੇ ਕਾਰਨ ਉਨ੍ਹਾਂ ਵੱਲੋਂ ਭਾਜਪਾ 'ਤੇ ਵੋਟ ਚੋਰੀ ਵਰਗੇ ਇਲ਼ਜ਼ਾਮ ਵੀ ਲਗਾਏ ਜਾ ਰਹੇ ਹਨ। ਇਸੇ ਕਾਰਨ ਲੋਕ ਸਭਾ ਦਾ ਮਾਨਸੂਨ ਸੈਸ਼ਨ ਦਾ ਜ਼ਿਆਦਾਤਰ ਸਮਾਂ ਵੀ ਇਸੇ ਮੁੱਦੇ 'ਤੇ ਬਹਿਸ ਦੀ ਭੇਂਟ ਚੜ੍ਹ ਚੁੱਕਾ ਹੈ।
ਇਸ ਮੁੱਦੇ 'ਤੇ ਹੁਣ ਹਰਿਆਣਾ ਦੇ ਰੋਹਤਕ ਤੋਂ 'ਆਪ' ਆਗੂ ਅਨੁਰਾਗ ਢਾਂਡਾ ਨੇ ਵੀ ਚੋਣ ਕਮਿਸ਼ਨ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਆਪਣੀ ਜ਼ਿੰਮੇਵਾਰੀ ਰਾਜਨੀਤਿਕ ਪਾਰਟੀਆਂ 'ਤੇ ਮੜ੍ਹਨਾ ਚਾਹੁੰਦਾ ਹੈ। ਚੋਣ ਕਮਿਸ਼ਨ ਦੀ ਚੋਰੀ ਵੀ ਫੜੀ ਗਈ ਹੈ, ਜਿਸ ਕਾਰਨ ਚੋਣ ਕਮਿਸ਼ਨ ਹੁਣ ਸ਼ਰਮਿੰਦਾ ਮਹਿਸੂਸ ਕਰ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਨਾਲ ਚੋਣ ਕਮਿਸ਼ਨ ਦੀ ਮਿਲੀਭੁਗਤ ਜਗ-ਜਾਹਿਰ ਹੋ ਗਈ ਹੈ, ਜਿਸ ਕਾਰਨ ਚੋਣ ਕਮਿਸ਼ਨ ਨੇ ਰਾਜਨੀਤਿਕ ਪਾਰਟੀਆਂ 'ਤੇ ਦੋਸ਼ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਅਧਿਆਪਕਾਂ ਨੂੰ 'ਆਪ' ਸਰਕਾਰ ਦੌਰਾਨ ਸਿਖਲਾਈ ਲਈ ਵਿਦੇਸ਼ ਭੇਜਿਆ ਜਾਂਦਾ ਸੀ, ਅੱਜ ਭਾਜਪਾ ਉਨ੍ਹਾਂ ਹੀ ਅਧਿਆਪਕਾਂ ਨੂੰ ਚੋਣ ਰੈਲੀਆਂ ਵਿੱਚ ਵਰਤ ਰਹੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਜੇਕਰ ਤੁਸੀਂ ਵੋਟਾਂ ਚੋਰੀ ਕਰ ਕੇ ਸਰਕਾਰ ਬਣਾਉਂਦੇ ਹੋ ਤਾਂ ਲੋਕ ਤੁਹਾਡੀਆਂ ਰੈਲੀਆਂ ਵਿੱਚ ਨਹੀਂ ਆਉਣਗੇ।
ਉਨ੍ਹਾਂ ਚੋਣ ਕਮਿਸ਼ਨ ਬਾਰੇ ਕਿਹਾ ਕਿ ਚੋਣ ਕਮਿਸ਼ਨ ਦਾ ਕੰਮ ਹੁੰਦਾ ਹੈ ਕਿ ਉਹ ਚੋਣਾਂ 'ਚ ਨਿਰਪੱਖ ਰਹਿ ਕੇ ਆਪਣਾ ਕੰਮ ਸੁਚਾਰੂ ਢੰਗ ਨਾਲ ਕਰੇ। ਪਰ ਭਾਜਪਾ ਨੇ ਚੋਣ ਕਮਿਸ਼ਨ ਨੂੰ ਵੀ ਆਪਣੇ ਅਧੀਨ ਲੈ ਲਿਆ ਹੈ ਤੇ ਇਸੇ ਮਿਲੀਭੁਗਤ ਨਾਲ ਹੀ ਉਨ੍ਹਾਂ ਨੇ ਦਿੱਲੀ 'ਚ ਜਿੱਤ ਹਾਸਲ ਕੀਤੀ ਹੈ। ਜੇਕਰ ਉਨ੍ਹਾਂ ਨੇ ਇਹ ਜਿੱਤ ਜਾਇਜ਼ ਤਰੀਕੇ ਨਾਲ ਹਾਸਲ ਕੀਤੀ ਹੁੰਦੀ ਤਾਂ ਅੱਜ ਦਿੱਲੀ 'ਚ ਹੋਣ ਵਾਲੀ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ 'ਚ ਸਮਰਥਕਾਂ ਦੀ ਭੀੜ ਹੁੰਦੀ, ਪਰ ਅਜਿਹਾ ਨਹੀਂ ਹੈ।