ਚੰਡੀਗੜ੍ਹ : ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਤਿੰਨ ਸਾਲਾਂ ਦੇ ਵਕਫ਼ੇ ਬਾਅਦ ਚੰਡੀਗੜ੍ਹ-ਸ਼ਾਰਜਾਹ ਸਿੱਧੀ ਉਡਾਣ ਸੇਵਾ 26 ਅਕਤੂਬਰ ਤੋਂ ਮੁੜ ਸ਼ੁਰੂ ਹੋਣ ਜਾ ਰਹੀ ਹੈ। ਏਅਰ ਇੰਡੀਆ ਐਕਸਪ੍ਰੈੱਸ ਵੱਲੋਂ ਇਸ ਰੂਟ ’ਤੇ ਹਫ਼ਤੇ ’ਚ ਚਾਰ ਦਿਨ ਨਾਨ-ਸਟਾਪ ਉਡਾਣਾਂ ਚਲਾਈਆਂ ਜਾਣਗੀਆਂ। ਇਸ ਨਾਲ ਪੰਜਾਬ, ਹਰਿਆਣਾ ਅਤੇ ਟਰਾਈਸਿਟੀ ਦੇ ਯਾਤਰੀਆਂ ਨੂੰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਜਾਣ ਲਈ ਇਕ ਹੋਰ ਸਿੱਧਾ ਵਿਕਲਪ ਮਿਲੇਗਾ। ਸਰਦੀਆਂ ਦਾ ਸ਼ਡਿਊਲ 26 ਅਕਤੂਬਰ ਤੋਂ 28 ਮਾਰਚ 2027 ਤੱਕ ਲਾਗੂ ਰਹੇਗਾ। ਇਸ ਤਹਿਤ ਉਡਾਣ ਆਈ. ਐਕਸ.-453 ਚੰਡੀਗੜ੍ਹ ਤੋਂ ਦੁਪਹਿਰ 1.50 ਵਜੇ ਰਵਾਨਾ ਹੋ ਕੇ ਸ਼ਾਮ 4.50 ਵਜੇ ਸ਼ਾਰਜਾਹ ਪਹੁੰਚੇਗੀ। ਵਾਪਸੀ ਦੀ ਉਡਾਣ ਆਈ.ਐਕਸ.-454 ਸ਼ਾਰਜਾਹ ਤੋਂ ਸ਼ਾਮ 5.50 ਵਜੇ ਉਡਾਣ ਭਰ ਕੇ ਰਾਤ 11.05 ਵਜੇ ਚੰਡੀਗੜ੍ਹ ਪਹੁੰਚੇਗੀ। ਇਹ ਸੇਵਾ ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਉਪਲੱਬਧ ਰਹੇਗੀ। ਸ਼ੁਰੂਆਤੀ ਇਕ ਪਾਸੇ ਦਾ ਕਿਰਾਇਆ ਲਗਭਗ 17,000 ਰੁਪਏ ਦੱਸਿਆ ਗਿਆ ਹੈ। ਸਿੱਧੀ ਸੇਵਾ ਮੁੜ ਸ਼ੁਰੂ ਹੋਣ ਨਾਲ ਯੂ. ਏ. ਈ. ’ਚ ਰਹਿਣ ਅਤੇ ਕੰਮ ਕਰਨ ਵਾਲੇ ਪੰਜਾਬੀਆਂ ਤੋਂ ਇਲਾਵਾ ਵਪਾਰੀਆਂ ਤੇ ਸੈਲਾਨੀਆਂ ਨੂੰ ਵੀ ਸਹੂਲਤ ਮਿਲੇਗੀ। ਇਸ ਵੇਲੇ ਚੰਡੀਗੜ੍ਹ ਤੋਂ ਦੁਬਈ ਅਤੇ ਅਬੂ ਧਾਬੀ ਲਈ ਵੀ ਸਿੱਧੀਆਂ ਉਡਾਣਾਂ ਚੱਲ ਰਹੀਆਂ ਹਨ। ਸ਼ਾਰਜਾਹ ਰੂਟ ਦੇ ਜੁੜਨ ਨਾਲ ਹਵਾਈ ਅੱਡੇ ਦਾ ਅੰਤਰਰਾਸ਼ਟਰੀ ਸੰਪਰਕ ਹੋਰ ਵਧੇਗਾ। ਇਸ ਦੌਰਾਨ ਸਰਦੀਆਂ ਦੇ ਸ਼ਡਿਊਲ ’ਚ ਘਰੇਲੂ ਉਡਾਣਾਂ ਦੇ ਨਵੇਂ ਵਿਕਲਪ ਵੀ ਸ਼ਾਮਲ ਕੀਤੇ ਗਏ ਹਨ। ਅਕਾਸਾ ਏਅਰ 1 ਦਸੰਬਰ ਤੋਂ ਚੰਡੀਗੜ੍ਹ ਤੋਂ ਗੋਆ ਅਤੇ ਬੈਂਗਲੁਰੂ ਲਈ ਸੇਵਾਵਾਂ ਸ਼ੁਰੂ ਕਰੇਗੀ। ਇਸ ਨਾਲ ਯਾਤਰੀਆਂ ਨੂੰ ਇਨ੍ਹਾਂ ਦੋਵਾਂ ਪ੍ਰਸਿੱਧ ਮੰਜ਼ਿਲਾਂ ਲਈ ਇਕ ਹੋਰ ਏਅਰਲਾਈਨ ਦਾ ਵਿਕਲਪ ਮਿਲੇਗਾ। ਨਵੀਆਂ ਸੇਵਾਵਾਂ ਨੂੰ ਏਅਰਪੋਰਟਸ ਅਥਾਰਟੀ ਆਫ਼ ਇੰਡੀਆ ਵੱਲੋਂ ਜਾਰੀ ਸਰਦੀਆਂ ਦੇ ਸ਼ਡਿਊਲ ’ਚ ਸ਼ਾਮਲ ਕੀਤਾ ਗਿਆ ਹੈ।
1 ਦਸੰਬਰ ਤੋਂ ਗੋਆ ਤੇ ਬੈਂਗਲੁਰੂ ਲਈ ਉਡਾਣਾਂ
ਅਕਾਸਾ ਏਅਰ ਦੀ ਚੰਡੀਗੜ੍ਹ-ਗੋਆ ਉਡਾਣ ਕਿਊ.ਪੀ.-1753 ਸਵੇਰੇ 11 ਵਜੇ ਰਵਾਨਾ ਹੋ ਕੇ ਦੁਪਹਿਰ 1.45 ਵਜੇ ਗੋਆ ਪਹੁੰਚੇਗੀ। ਵਾਪਸੀ ਦੀ ਉਡਾਣ ਕਿਊ.ਪੀ.-1754 ਦੁਪਹਿਰ 2.30 ਵਜੇ ਗੋਆ ਤੋਂ ਚੱਲ ਕੇ ਸ਼ਾਮ 5.15 ਵਜੇ ਚੰਡੀਗੜ੍ਹ ਪਹੁੰਚੇਗੀ। ਚੰਡੀਗੜ੍ਹ-ਬੈਂਗਲੁਰੂ ਉਡਾਣ ਕਿਊ.ਪੀ.-1752 ਸ਼ਾਮ 5.55 ਵਜੇ ਰਵਾਨਾ ਹੋ ਕੇ ਰਾਤ 9 ਵਜੇ ਬੈਂਗਲੁਰੂ ਪਹੁੰਚੇਗੀ। ਵਾਪਸੀ ਦੀ ਉਡਾਣ ਕਿਊ.ਪੀ.-1751 ਸਵੇਰੇ 7.25 ਵਜੇ ਬੈਂਗਲੁਰੂ ਤੋਂ ਚੱਲ ਕੇ ਸਵੇਰੇ 10.25 ਵਜੇ ਚੰਡੀਗੜ੍ਹ ਪਹੁੰਚੇਗੀ।
ਕਿਰਾਇਆ: ਚੰਡੀਗੜ੍ਹ ਤੋਂ ਗੋਆ 8,146 ਰੁਪਏ ਅਤੇ ਵਾਪਸੀ 8,140 ਰੁਪਏ। ਬੈਂਗਲੁਰੂ ਲਈ ਇਕ ਪਾਸੇ ਦਾ ਕਿਰਾਇਆ 7,625 ਰੁਪਏ ਅਤੇ ਵਾਪਸੀ ਦਾ 9,778 ਰੁਪਏ ਦੱਸਿਆ ਗਿਆ ਹੈ।
ਪਹਿਲੀ ਉਡਾਣ ਮੁੰਬਈ, ਆਖ਼ਰੀ ਬੈਂਗਲੁਰੂ ਲਈ
ਸਰਦੀਆਂ ਦੇ ਸ਼ਡਿਊਲ ਮੁਤਾਬਕ ਚੰਡੀਗੜ੍ਹ ਹਵਾਈ ਅੱਡੇ ਤੋਂ ਪਹਿਲੀ ਉਡਾਣ ਮੁੰਬਈ ਲਈ ਸਵੇਰੇ ਰਵਾਨਾ ਹੋਵੇਗੀ, ਜਦਕਿ ਆਖ਼ਰੀ ਉਡਾਣ ਬੈਂਗਲੁਰੂ ਲਈ ਰਾਤ 12.35 ਵਜੇ ਉਡਾਣ ਭਰੇਗੀ। ਇੰਡੀਗੋ ਦੀ ਮੁੰਬਈ ਤੋਂ ਆਉਣ ਵਾਲੀ ਉਡਾਣ ਰਾਤ 12.20 ਵਜੇ ਚੰਡੀਗੜ੍ਹ ਪਹੁੰਚੇਗੀ। ਨਵੇਂ ਸ਼ਡਿਊਲ ਦੌਰਾਨ ਹਵਾਈ ਅੱਡੇ ਤੋਂ 64 ਘਰੇਲੂ ਅਤੇ 6 ਅੰਤਰਰਾਸ਼ਟਰੀ ਉਡਾਣਾਂ ਦੀ ਆਵਾਜਾਈ ਹੋਵੇਗੀ।
ਸੁਰੱਖਿਆ ਹਾਲਾਤ ਕਾਰਨ ਮੱਧ ਪੂਰਬ ਦੀਆਂ ਕਈ ਉਡਾਣਾਂ ਰੱਦ
ਮੱਧ ਪੂਰਬ ਦੇ ਮੌਜੂਦਾ ਸੁਰੱਖਿਆ ਹਾਲਾਤ ਦੇ ਮੱਦੇਨਜ਼ਰ ਏਅਰ ਇੰਡੀਆ ਗਰੁੱਪ, ਇੰਡੀਗੋ ਅਤੇ ਅਕਾਸਾ ਏਅਰ ਸਮੇਤ ਕਈ ਏਅਰਲਾਈਨਾਂ ਨੇ ਖੇਤਰ ਦੇ ਵੱਖ-ਵੱਖ ਰੂਟਾਂ ’ਤੇ ਉਡਾਣਾਂ ਮੁਅੱਤਲ ਜਾਂ ਰੱਦ ਕੀਤੀਆਂ ਹਨ। ਇਸ ਕਾਰਨ ਭਾਰਤ ਅਤੇ ਮੱਧ ਪੂਰਬ ਵਿਚਕਾਰ ਯਾਤਰਾ ਕਰਨ ਵਾਲੇ ਮੁਸਾਫ਼ਰਾਂ ਦੀਆਂ ਯੋਜਨਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਮਿਲੀ ਜਾਣਕਾਰੀ ਅਨੁਸਾਰ, ਰਿਆਦ ਅਤੇ ਦੰਮਮ ਲਈ ਏਅਰ ਇੰਡੀਆ ਤੇ ਏਅਰ ਇੰਡੀਆ ਐਕਸਪ੍ਰੈੱਸ ਦੀਆਂ ਉਡਾਣਾਂ ਨਵੰਬਰ 2026 ਤੱਕ ਰੱਦ ਰਹਿਣਗੀਆਂ, ਜਦਕਿ ਜੇੱਦਾ ਲਈ ਸੇਵਾਵਾਂ 31 ਅਕਤੂਬਰ ਤੱਕ ਮੁਅੱਤਲ ਹਨ। ਇੰਡੀਗੋ ਨੇ ਰਿਆਦ, ਜੇੱਦਾ, ਦੰਮਮ ਅਤੇ ਮਦੀਨਾ ਲਈ 31 ਅਕਤੂਬਰ ਤੱਕ ਉਡਾਣਾਂ ਰੱਦ ਕੀਤੀਆਂ ਹਨ। ਅਕਾਸਾ ਏਅਰ ਨੇ ਜੇੱਦਾ ਲਈ 10 ਨਵੰਬਰ ਤੱਕ ਅਤੇ ਰਿਆਦ ਲਈ 30 ਨਵੰਬਰ 2026 ਤੱਕ ਸੇਵਾਵਾਂ ਮੁਅੱਤਲ ਕੀਤੀਆਂ ਹਨ। ਯਾਤਰੀਆਂ ਨੂੰ ਸਫ਼ਰ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ਸਬੰਧਤ ਏਅਰਲਾਈਨ ਤੋਂ ਜਾਂਚਣ ਦੀ ਸਲਾਹ ਦਿੱਤੀ ਜਾਂਦੀ ਹੈ।