ਪ੍ਰੀਤ ਪੱਤੀ
ਖਰੜ: ਸਥਾਨਕ ਰੋਟਰੀ ਕਲੱਬ ਵੱਲੋਂ ਪਿਛਲੇ ਕਈ ਸਾਲਾਂ ਤੋਂ ਲੋੜਵੰਦ ਲੋਕਾਂ ਨੂੰ ਅੱਖਾਂ ਦੀ ਰੋਸ਼ਨੀ ਦੇਣ ਲਈ ਇੱਕ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਅੱਜ ਮਰਨ ਉਪਰੰਤ ਇਲਾਕੇ ਦੀ ਇੱਕ ਹੋਰ ਸ਼ਖਸੀਅਤ ਸਵਰਗਵਾਸੀ ਭੁਪਿੰਦਰ ਕੌਰ (73) ਧਰਮ ਪਤਨੀ ਮੋਹਨ ਲਾਲ ਨਿਵਾਸੀ ਪੱਕਾ ਦਰਵਾਜ਼ਾ, ਆਰੀਆ ਸਕੂਲ ਰੋਡ ਦੀਆਂ ਅੱਖਾਂ ਦਾਨ ਕਰਵਾਈਆਂ ਗਈਆਂ। ਇਹ ਜਾਣਕਾਰੀ ਸਾਂਝੀ ਕਰਦੇ ਹੋਏ ਅਸਿਸਟੈਂਟ ਗਵਰਨਰ ਤੇ ਆਈ ਡੋਨੇਸ਼ਨ ਮੋਟੀਵੇਟਰ ਹਰਪ੍ਰੀਤ ਸਿੰਘ ਰੇਖੀ ਨੇ ਦੱਸਿਆ ਕਿ ਬਲਜਿੰਦਰ ਸਿੰਘ ਮੰਡੇਰ ਨੇ ਕਲੱਬ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦਾ ਪੁੱਤਰ ਪਰਮਿੰਦਰ ਸਿੰਘ ਅੱਖਾਂ ਦਾਨ ਕਰਨੀਆਂ ਚਾਹੁੰਦਾ ਹੈ। ਫਿਰ ਰੋਟਰੀ ਕਲੱਬ ਦੀ ਟੀਮ ਉਨ੍ਹਾਂ ਦੇ ਘਰ ਪਹੁੰਚੀ ਤੇ ਪਰਿਵਾਰ ਲਿਖਤੀ ਸਹਿਮਤੀ ਲੈ ਕੇ ਪੀ.ਜੀ.ਆਈ. ਦੇ ਅੱਖਾਂ ਦੇ ਵਿਭਾਗ ਤੋਂ ਡਾਕਟਰ ਹਿਮਾਂਸ਼ੂ ਤੇ ਨੀਤਿਸ਼ ਰਾਏ ਦੀ ਟੀਮ ਨੂੰ ਬੁਲਾਇਆ ਗਿਆ, ਜਿਸਨੇ ਘਰ ਵਿਖੇ ਪਹੁੰਚ ਕੇ ਅੱਖਾਂ ਲੈਣ ਦੀ ਪ੍ਰੀਕਿਰਿਆ ਨੂੰ ਪੂਰਾ ਕੀਤਾ। ਇਸ ਦੌਰਾਨ ਰੋਟਰੀ ਕਲੱਬ ਦੇ ਪ੍ਰਧਾਨ ਹਿੰਮਤ ਸਿੰਘ ਸੈਣੀ ਤੇ ਸਕੱਤਰ ਸੁਖਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਉਨ੍ਹਾਂ ਦਾ ਕਲੱਬ ਹੁਣ ਤੱਕ ਮਰਨ ਉਪਰੰਤ 73 ਲੋਕਾਂ ਦੀਆਂ ਅੱਖਾਂ ਦਾਨ ਕਰਵਾ ਚੁੱਕਿਆ ਹੈ ਤੇ ਹੁਣ 146 ਲੋਕ ਇਸ ਹਸੀਨ ਦੁਨੀਆਂ ਨੂੰ ਦੇਖ ਰਹੇ ਹਨ।