ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਪਾਰਟੀ ਅਰਵਿੰਦ ਕੇਜਰੀਵਾਲ ਦੀ ਲੈਂਡ ਪੂਲਿੰਗ ਸਕੀਮ ਖਿਲਾਫ ਲੋਕਾਂ ਦੀ ਇਤਿਹਾਸ ਜਿੱਤ 1 ਸਤੰਬਰ ਨੂੰ ਮੋਗਾ ਵਿਚ ਵਿਸ਼ਾਲ ਰੈਲੀ ਨਾਲ ਮਨਾਏਗਾ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਦਿੱਲੀ ਦੇ ਲੁਟੇਰੇ ਪੰਜਾਬ ਦੀ ਬੇਸ਼ਕੀਮਤੀ 65,000 ਏਕੜ ਉਪਜਾਊ ਜ਼ਮੀਨ ਲੈਂਡ ਪੂਲਿੰਗ ਸਕੀਮ ਰਾਹੀਂ ਹੜੱਪ ਕਰਨਾ ਚਾਹੁੰਦੇ ਸਨ ਜਿਸ ਵਾਸਤੇ ਉਹਨਾਂ 30 ਹਜ਼ਾਰ ਕਰੋੜ ਰੁਪਏ ਵਿਚ ਇਕ ਸਮਝੌਤਾ ਦਿੱਲੀ ਦੇ ਬਿਲਡਰਾਂ ਨਾਲ ਕੀਤਾ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਦੇ ਦਲੇਰ ਵਰਕਰਾਂ ਨੇ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਵਪਾਰੀਆਂ ਨਾਲ ਮਿਲ ਕੇ ਇਸ ਖਿਲਾਫ ਵਿਸ਼ਾਲ ਜਨਤਕ ਰੈਲੀਆਂ ਕੀਤੀਆਂ। ਉਹਨਾਂ ਕਿਹਾ ਕਿ ਜ਼ਮੀਨੀ ਪੱਧਰ ’ਤੇ ਚੱਲੀ ਇਸ ਲਹਿਰ ਜਿਸ ਤਹਿਤ ਸੂਬੇ ਵਿਚ ਚਾਰ ਲਾਮਿਸਾਲ ਧਰਨੇ ਦਿੱਤੇ ਗਏ ਅਤੇ ਅੰਬ ਸਾਹਿਬ ਤੋਂ ਪਾਰਟੀ ਵੱਲੋਂ ਅਣਮਿੱਥੇ ਸਮੇਂ ਦਾ ਮਾਰਚ ਕੇਜਰੀਵਾਲ ਦੇ ਨਵੇਂ ਸ਼ੀਸ਼ ਮਹਿਲ ਤੱਕ ਰੋਜ਼ਾਨਾ ਕੀਤਾ ਜਾਣਾ ਸੀ। ਉਹਨਾਂ ਕਿਹਾ ਕਿ ਵਿਰੋਧ ਦੀ ਇਸ ਕੰਧ ਤੋਂ ਆਪ ਸਰਕਾਰ ਬੌਖਲਾ ਗਈ ਤੇ ਉਸਨੂੰ ਲੈਂਡ ਪੂਲਿੰਗ ਸਕੀਮ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ। ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਫਤਿਹ ਰੈਲੀ ਦੀ ਡਟਵੀਂ ਹਮਾਇਤ ਕਰਨ। ਉਹਨਾਂ ਕਿਹਾ ਕਿ ਇਹ ਰੈਲੀ ਪੰਜਾਬ ਵਿਚ ਭ੍ਰਿਸ਼ਟ, ਘੁਟਾਲਿਆਂ ਭਰੀ ਆਪ ਆਦਮੀ ਪਾਰਟੀ ਦੇ ਪੰਜਾਬ ਵਿਚ ਰਾਜ ਦਾ ਭੋਗ ਪਾਉਣ ਦਾ ਮੁੱਢ ਬੰਨੇਗੀ।