ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਤੇ ਨੌਜਵਾਨ ਖਿਡਾਰੀ ਆਯੂਸ਼ ਸ਼ੈੱਟੀ ਨੇ ਸਿੱਧੇ ਸੈੱਟਾਂ ’ਚ ਜਿੱਤ ਦਰਜ ਕਰ ਕੇ ਏਸ਼ੀਆਈ ਖੇਡਾਂ ਦੀ ਬੈਡਮਿੰਟਨ ਪ੍ਰਤੀਯੋਗਿਤਾ ’ਚ ਕ੍ਰਮਵਾਰ ਮਹਿਲਾ ਤੇ ਪੁਰਸ਼ ਸਿੰਗਲਜ਼ ਦੇ ਪ੍ਰੀ-ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ ਪਰ ਲਕਸ਼ੈ ਸੇਨ ਦੂਜੇ ਦੌਰ ’ਚ ਹੀ ਬਾਹਰ ਹੋ ਗਿਆ।ਵਿਸ਼ਵ ’ਚ 11ਵੇਂ ਨੰਬਰ ਦੀ ਖਿਡਾਰੀ ਤੇ ਇਸ ਸਾਲ ਦੀ ਜਾਪਾਨ ਓਪਨ ਦੀ ਜੇਤੂ ਸਿੰਧੂ ਨੇ ਮਹਿਲਾ ਸਿੰਗਲਜ਼ ਦੇ ਦੂਜੇ ਦੌਰ ’ਚ ਚੀਨੀ ਤਾਈਪੇ ਦੀ ਵਿਸ਼ਵ ਦੀ 17ਵੇਂ ਨੰਬਰ ਦੀ ਖਿਡਾਰੀ ਚਿਊ ਪਿਨ ਚਿਆਨ ਨੂੰ 21-19, 21-14 ਨਾਲ ਹਰਾਇਆ। ਪੁਰਸ਼ ਸਿੰਗਲਜ਼ ’ਚ ਆਯੂਸ਼ ਨੇ ਦੂਜੇ ਦੌਰ ’ਚ ਕਜ਼ਾਕਿਸਤਾਨ ਦੇ ਮਖਸੁਤ ਤਾਜ਼ੀਬੁੱਲਾਯੇਵ ਨੂੰ 21-7, 21-7 ਨਾਲ ਹਰਾਇਆ। ਮਹਿਲਾ ਸਿੰਗਲਜ਼ ’ਚ 3 ਬੀ. ਡਬਲਯੂ. ਐੱਫ. ਸੁਪਰ 100 ਖਿਤਾਬ ਜਿੱਤਣ ਵਾਲੀ ਉੱਨਤੀ ਹੁੱਡਾ ਨੇ ਮਲੇਸ਼ੀਆ ਦੀ ਲਿੰਗ ਚਿੰਗ ਵੋਂਗ ਨੂੰ 21-14, 20-22, 21-19 ਨਾਲ ਹਰਾ ਕੇ ਤੀਜੇ ਦੌਰ ’ਚ ਪ੍ਰਵੇਸ਼ ਕੀਤਾ।
ਇਸ ਤੋਂ ਪਹਿਲਾਂ ਲਕਸ਼ੈ ਨੂੰ ਸਿੰਗਾਪੁਰ ਦੇ ਸਾਬਕਾ ਵਿਸ਼ਵ ਚੈਂਪੀਅਨ ਲੋਹ ਕੀਨ ਯੂ ਤੋਂ 3 ਸੈੱਟਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਦੁਨੀਆ ਦੇ 14ਵੇਂ ਨੰਬਰ ਦੇ ਖਿਡਾਰੀ ਸੇਨ ਨੂੰ 13ਵੀਂ ਰੈਂਕਿੰਗ ਵਾਲੇ 2021 ਦੇ ਵਿਸ਼ਵ ਚੈਂਪੀਅਨ ਨੇ 21-12, 15-21, 21-14 ਨਾਲ ਹਰਾਇਆ। ਇਸ ਤੋਂ ਇਕ ਦਿਨ ਪਹਿਲਾਂ ਦੁਨੀਆ ਦੀ ਸਾਬਕਾ ਨੰਬਰ-1 ਜੋੜੀ ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਪੁਰਸ਼ ਡਬਲਜ਼ ਦੇ ਪਹਿਲੇ ਦੌਰ ’ਚ ਹੀ ਹਾਰ ਗਏ ਸਨ।