ਸੁਨੇਲਿਤਾ ਟੋਪੋ ਦੇ 2 ਗੋਲਾਂ ਦੀ ਮਦਦ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣੇ ਆਖਰੀ ਪੂਲ-ਬੀ ਮੈਚ ’ਚ ਸਿੰਗਾਪੁਰ ਨੂੰ 7-0 ਨਾਲ ਹਰਾ ਦਿੱਤਾ, ਜਿਸ ਨਾਲ ਹੁਣ ਸੈਮੀਫਾਈਨਲ ’ਚ ਉਸ ਦਾ ਸਾਹਮਣਾ ਦੱਖਣੀ ਕੋਰੀਆ ਨਾਲ ਹੋਵੇਗਾ। ਭਾਰਤ ਨੇ 5 ਮੈਚਾਂ ’ਚ 5 ਜਿੱਤਾਂ ਨਾਲ ਪੂਲ-ਬੀ ’ਚ ਚੋਟੀ ਦਾ ਸਥਾਨ ਹਾਸਲ ਕੀਤਾ। ਹੁਣ ਸੈਮੀਫਾਈਨਲ 30 ਸਤੰਬਰ ਨੂੰ ਹੋਵੇਗਾ। ਭਾਰਤ ਲਈ ਕਪਤਾਨ ਸਲੀਮਾ ਟੇਟੇ (17ਵੇਂ), ਸੁਨੇਲਿਤਾ (22ਵੇਂ ਤੇ 24ਵੇਂ), ਲਾਲਰੇਮਸਿਆਮੀ (26ਵੇਂ), ਰਿਤੂਜਾ ਦਾਦਾਸੋ ਪਿਸਾਲ (29ਵੇਂ), ਨਿੱਕੀ ਪ੍ਰਧਾਨ (35ਵੇਂ) ਤੇ ਦੀਪਿਕਾ (55ਵੇਂ ਮਿੰਟ) ਨੇ ਗੋਲ ਕੀਤੇ।
ਮੌਜੂਦਾ ਚੈਂਪੀਅਨ ਤੇ ਮੌਜੂਦਾ ਓਲੰਪਿਕ ਚਾਂਦੀ ਤਮਗਾ ਜੇਤੂ ਚੀਨ ਦੂਜੇ ਸੈਮੀਫਾਈਨਲ ’ਚ ਮੇਜ਼ਬਾਨ ਜਾਪਾਨ ਨਾਲ ਭਿੜੇਗਾ। ਸਿੰਗਾਪੁਰ ਨੇ ਪਹਿਲੇ ਕੁਆਰਟਰ ’ਚ ਭਾਰਤ ਨੂੰ ਸਖਤ ਟੱਕਰ ਦਿੱਤੀ ਪਰ ਭਾਰਤ ਨੇ ਦਬਦਬਾ ਬਣਾਈ ਰੱਖਿਆ। ਸਿੰਗਾਪੁਰ ਨੇ ਭਾਰਤ ਦੇ ਸ਼ੁਰੂਆਤੀ 8 ਪੈਨਲਟੀ ਕਾਰਨਰ ਅਸਫਲ ਕੀਤੇ। ਦੂਜੇ ਕੁਆਰਟਰ ’ਚ ਸਲੀਮਾ ਨੇ ਮੈਦਾਨੀ ਗੋਲ ਨਾਲ ਭਾਰਤ ਦਾ ਖਾਤਾ ਖੋਲ੍ਹਿਆ। ਇਸ ਤੋਂ ਬਾਅਦ ਸੁਨੇਲਿਤਾ ਨੇ 2 ਗੋਲ ਕੀਤੇ ਜਦਕਿ ਲਾਲਰੇਮਸਿਆਮੀ ਤੇ ਰਿਤੂਜਾ ਨੇ ਵੀ ਗੋਲ ਕਰਕੇ ਭਾਰਤ ਨੂੰ 5-0 ਨਾਲ ਅੱਗੇ ਕਰ ਦਿੱਤਾ।
ਤੀਜੇ ਕੁਆਰਟਰ ’ਚ ਨਿੱਕੀ ਨੇ ਭਾਰਤ ਦੀ ਬੜ੍ਹਤ 6-0 ਕਰ ਦਿੱਤੀ। ਭਾਰਤ ਨੂੰ ਲਗਾਤਾਰ ਪੈਨਲਟੀ ਕਾਰਨਰ ਮਿਲੇ ਪਰ ਟੀਮ ਉਨ੍ਹਾਂ ਨੂੰ ਗੋਲ ’ਚ ਬਦਲਣ ’ਚ ਅਸਫਲ ਰਹੀ। ਮੈਚ ਖਤਮ ਹੋਣ ਤੋਂ 5 ਮਿੰਟ ਪਹਿਲਾਂ ਦੀਪਿਕਾ ਨੇ ਸ਼ਾਨਦਾਰ ਫਲਿੱਕ ਨਾਲ 7ਵਾਂ ਗੋਲ ਕੀਤਾ। ਪਹਿਲੇ 3 ਕੁਆਰਟਰਾਂ ’ਚ ਭਾਰਤ ਨੂੰ 24 ਪੈਨਲਟੀ ਕਾਰਨਰ ਮਿਲੇ ਪਰ ਇਨ੍ਹਾਂ ’ਚੋਂ ਸਿਰਫ 3 ਨੂੰ ਹੀ ਗੋਲ ’ਚ ਬਦਲਿਆ ਜਾ ਸਕਿਆ। ਮੈਚ ਖਤਮ ਹੋਣ ਤੋਂ 5 ਮਿੰਟ ਪਹਿਲਾਂ ਭਾਰਤ ਨੂੰ ਲਗਾਤਾਰ 2 ਪੈਨਲਟੀ ਕਾਰਨਰ ਮਿਲੇ, ਜਿਨ੍ਹਾਂ ’ਚ ਦੀਪਿਕਾ ਨੇ ਟੀਮ ਦਾ 7ਵਾਂ ਗੋਲ ਕੀਤਾ।