ਹੈਦਰਾਬਾਦ : ਭਾਰਤ 'ਚ ਅਮਰੀਕਾ ਦੇ ਰਾਜਦੂਤ ਸਰਜੀਓ ਗੋਰ ਅਤੇ ਅਮਰੀਕੀ ਕੌਂਸਲ ਜਨਰਲ ਲਾਰਾ ਵਿਲੀਅਮਜ਼ ਨੇ ਦੁਵੱਲੇ ਵਪਾਰ ਨੂੰ ਗਤੀ ਦੇਣ, ਉੱਚ ਤਕਨਾਲੋਜੀ ਦੀ ਸਪਲਾਈ ਲੜੀ ਨੂੰ ਸੁਰੱਖਿਅਤ ਬਣਾਉਣ ਅਤੇ ਭਾਰਤ-ਅਮਰੀਕਾ ਕਾਰੋਬਾਰੀ ਸੰਬੰਧਾਂ ਦਾ ਵਿਸਥਾਰ ਕਰਨ ਲਈ ਇੱਥੇ ਭਾਰਤੀ ਉਦਯੋਗ ਜਗਤ ਦੇ ਮੁੱਖ ਨੇਤਾਵਾਂ ਨਾਲ ਗੋਲਮੇਜ਼ ਬੈਠਕ ਕੀਤੀ। ਅਮਰੀਕੀ ਕੌਂਸਲੇਟ ਜਨਰਲ (ਹੈਦਰਾਬਾਦ) ਨੇ ਪ੍ਰੈੱਸ ਰਿਲੀਜ਼ 'ਚ ਕਿਹਾ ਕਿ ਅਮਰੀਕਾ ਦੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਮੌਕੇ ਸੋਮਵਾਰ ਨੂੰ ਆਯੋਜਿਤ ਰਾਤ ਦੇ ਭੋਜਨ 'ਚ ਰੱਖਿਆ ਨਿਰਮਾਣ, ਸੈਮੀਕੰਡਕਟਰ, ਦਵਾਈ ਅਤੇ ਤਕਨਾਲੋਜੀ ਖੇਤਰਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਬੈਠਕ ਦਾ ਮਕਸਦ ਰਣਨੀਤਕ ਦੁਵੱਲੀ ਨੀਤੀਆਂ ਨੂੰ ਦੱਖਣ ਭਾਰਤ 'ਚ ਅਸਲ ਕਾਰੋਬਾਰੀ ਨਿਵੇਸ਼ 'ਚ ਬਦਲਣਾ ਸੀ।
ਰਾਜਦੂਤ ਗੋਰ ਨੇ ਕਿਹਾ ਕਿ ਅਮਰੀਕਾ ਅਤੇ ਭਾਰਤ ਲੰਬੇ ਸਮੇਂ ਤੋਂ ਰਣਨੀਤਕ ਸਹਿਯੋਗੀ ਰਹੇ ਹਨ। ਉਨ੍ਹਾਂ ਕਿਹਾ,''ਇਸ ਤਰ੍ਹਾਂ ਦੀਆਂ ਬੈਠਕਾਂ ਦਿਖਾਉਂਦੀਆਂ ਹਨ ਕਿ ਭਾਰਤ-ਅਮਰੀਕਾ ਸਾਂਝੇਦਾਰੀ ਸਿਰਫ਼ ਰਣਨੀਤਕ ਤਾਲਮੇਲ ਨਾਲ ਅੱਗੇ ਵਧ ਚੁੱਕੀ ਹੈ। ਇਹ ਰੱਖਿਆ, ਤਕਨਾਲੋਜੀ, ਜੀਵਨ ਵਿਗਿਆਨ ਅਤੇ ਪੁਲਾੜ ਸਮੇਤ ਕਈ ਖੇਤਰਾਂ 'ਚ ਸਹਿਯੋਗ ਦਾ ਠੋਸ ਢਾਂਚਾ ਹੈ। ਇਹ ਢਾਂਚਾ ਦੋਵੇਂ ਦੇਸ਼ਾਂ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੀ ਕਾਰੋਬਾਰੀ ਸਾਂਝੇਦਾਰੀਆਂ ਦੀ ਨੀਂਹ 'ਤੇ ਬਣਿਆ ਹੈ। ਤੁਹਾਡੇ 'ਚੋਂ ਕਈ ਲੋਕਾਂ ਨੇ ਇਨ੍ਹਾਂ ਸਾਂਝੇਦਾਰੀਆਂ ਨੂੰ ਅੱਗੇ ਵਧਾਉਣ 'ਚ ਮਦਦ ਕੀਤੀ ਹੈ।''
ਰਾਜਦੂਤ ਗੋਰ ਨੇ ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਦੇ ਕਾਰੋਬਾਰੀਆਂ ਨੂੰ ਨਿਵੇਸ਼, ਸਪਲਾਈ ਲੜੀ ਅਤੇ ਬਾਜ਼ਾਰ ਤੱਕ ਪਹੁੰਚ ਲਈ 'ਟਰੱਸਟ' ਪਹਿਲ, ਪੈਕਸ ਸਿਲਿਕਾ, ਅਮਰੀਕਾ-ਭਾਰਤ ਕੰਪੈਕਸ ਅਤੇ ਅਮਰੀਕਾ-ਭਾਰਤ ਰਣਨੀਤ ਖਣਿਜ ਰਿਕਵਰੀ ਪਹਿਲ ਵਰਗੇ ਨੀਤੀਗਤ ਢਾਂਚਿਆਂ ਦਾ ਲਾਭ ਚੁੱਕਣ ਦੀ ਅਪੀਲ ਕੀਤੀ।