ਨਵੀਂ ਦਿੱਲੀ : ਦਿੱਲੀ ਦੇ ਮਾਲਵੀ ਨਗਰ ਇਲਾਕੇ 'ਚ ਸਥਿਤ ਇੱਕ ਮਸ਼ਹੂਰ ਹੋਟਲ 'ਚ ਬੁੱਧਵਾਰ ਸਵੇਰੇ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਘੱਟੋ-ਘੱਟ 21 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਜ਼ਿਆਦਾਤਰ ਵਿਦੇਸ਼ੀ ਨਾਗਰਿਕ ਸ਼ਾਮਲ ਹਨ। ਇਸ ਹਾਦਸੇ ਵਿੱਚ ਕਈ ਹੋਰ ਲੋਕ ਗੰਭੀਰ ਰੂਪ ਵਿੱਚ ਝੁਲਸ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਏਮਜ਼ (AIIMS) ਟਰਾਮਾ ਸੈਂਟਰ ਅਤੇ ਸਾਕਤ ਦੇ ਮੈਕਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਕੁੱਝ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ।
ਨਿਯਮਾਂ ਦੀਆਂ ਉਡਾਈਆਂ ਗਈਆਂ ਧੱਜੀਆਂ
ਸ਼ੁਰੂਆਤੀ ਜਾਂਚ ਵਿੱਚ ਇਹ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ 'ਫਲੋਰਿਸ਼ ਸਟੇ' (Flourish Stay) ਨਾਮਕ ਇਸ ਪ੍ਰਾਪਰਟੀ ਨੂੰ ਦਿੱਲੀ ਸਰਕਾਰ ਦੀ 'ਬੈੱਡ ਐਂਡ ਬ੍ਰੇਕਫਾਸਟ' (B&B) ਨੀਤੀ ਤਹਿਤ ਸਿਰਫ 6 ਕਮਰੇ ਚਲਾਉਣ ਦਾ ਲਾਇਸੈਂਸ ਮਿਲਿਆ ਸੀ। ਪਰ ਲਾਲਚ ਦੇ ਕਾਰਨ, ਨਿਯਮਾਂ ਨੂੰ ਛਿੱਕੇ ਟੰਗ ਕੇ ਇੱਥੇ ਬੇਸਮੈਂਟ ਸਮੇਤ ਕੁੱਲ 25 ਕਮਰੇ ਬਣਾ ਦਿੱਤੇ ਗਏ ਸਨ। ਸਭ ਤੋਂ ਗੰਭੀਰ ਗੱਲ ਇਹ ਹੈ ਕਿ ਇਸ ਹੋਟਲ ਕੋਲ ਵਪਾਰਕ ਵਰਤੋਂ ਲਈ ਸਭ ਤੋਂ ਜ਼ਰੂਰੀ 'ਫਾਇਰ ਨੋ ਆਬਜੈਕਸ਼ਨ ਸਰਟੀਫਿਕੇਟ' (Fire NOC) ਵੀ ਨਹੀਂ ਸੀ।
ਮੌਤ ਦਾ ਜਾਲ ਬਣੀ ਇਮਾਰਤ
ਜਿਸ ਸਮੇਂ ਅੱਗ ਲੱਗੀ, ਉਸ ਵੇਲੇ ਤੰਗ ਗਲੀ 'ਚ ਬਣੀ ਇਸ ਇਮਾਰਤ ਦੇ ਅੰਦਰ 40 ਤੋਂ ਵੱਧ ਲੋਕ ਮੌਜੂਦ ਸਨ। ਬਿਨਾਂ ਕਿਸੇ ਫਾਇਰ ਸੇਫਟੀ ਦੇ ਇੰਤਜ਼ਾਮਾਂ ਦੇ ਚੱਲ ਰਿਹਾ ਇਹ ਹੋਟਲ ਮਿੰਟਾਂ 'ਚ ਹੀ ਲੋਕਾਂ ਲਈ 'ਮੌਤ ਦਾ ਖੂਹ' ਬਣ ਗਿਆ। ਅੱਗ ਲੱਗਣ ਦੀ ਸੂਚਨਾ ਸਵੇਰੇ ਕਰੀਬ 8:48 ਵਜੇ ਮਿਲੀ, ਜਿਸ ਤੋਂ ਬਾਅਦ ਦਮਕਲ ਦੀਆਂ 8 ਗੱਡੀਆਂ ਨੇ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਸਥਾਨਕ ਪੁਲਸ ਅਤੇ ਫਾਇਰ ਸਰਵਿਸ ਦੀਆਂ ਟੀਮਾਂ ਨੇ ਆਪਸੀ ਤਾਲਮੇਲ ਨਾਲ ਕਈ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਇਸ ਘਟਨਾ ਨੇ ਸੁਰੱਖਿਆ ਨਿਯਮਾਂ ਦੀ ਹੋ ਰਹੀ ਅਣਦੇਖੀ ਅਤੇ ਨਜਾਇਜ਼ ਉਸਾਰੀਆਂ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।