ਖਰੜ: ਪ੍ਰੀਤ ਪੱਤੀ: ਇਲਾਕੇ ਵਿੱਚੋਂ ਦ੍ਰਿਸ਼ਟੀਹੀਣਤਾ ਨੂੰ ਘੱਟ ਕਰਨ ਵਾਸਤੇ ਰੋਟਰੀ ਕਲੱਬ ਵੱਲੋਂ ਚਲਾਈ ਜਾ ਰਹੀ ਅੱਖਾਂ ਦਾਨ ਮੁਹਿੰਮ ਤਹਿਤ ਬੀਤੀ ਸ਼ਾਮ ਇੱਕ ਹੋਰ ਸ਼ਖ਼ਸੀਅਤ ਚੰਦਰ ਕਾਂਤਾ ਰਾਜਪੂਤ (93ਸਾਲ) ਨਿਵਾਸੀ ਸੰਨੀ ਇਨਕਲੇਵ, ਦੀਆਂ ਅੱਖਾਂ ਦਾਨ ਕਰਵਾਈਆਂ ਗਈਆਂ। ਇਹ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਆਈ ਡੋਨੇਸ਼ਨ ਮੋਟੀਵੇਟਰ ਹਰਪ੍ਰੀਤ ਸਿੰਘ ਰੇਖੀ ਨੇ ਦੱਸਿਆ ਕਿ ਰੋਟਰੀ ਕਲੱਬ ਨੂੰ ਜਾਣਕਾਰੀ ਮਿਲੀ ਕਿ ਰੋਟੇਰੀਅਨ ਤੇ ਸਾਬਕਾ ਪ੍ਰਧਾਨ ਵਿਨੇ ਰਾਜਪੂਤ ਰੋਟਰੀ ਕਲੱਬ ਖਰੜ ਦੀ ਮਾਤਾ ਦਾ ਦੇਹਾਂਤ ਹੋ ਗਿਆ ਹੈ, ਰੋਟਰੀ ਕਲੱਬ ਦੀ ਟੀਮ ਉਹਨਾਂ ਦੇ ਘਰ ਪਹੁੰਚੀ ਅਤੇ ਪਰਿਵਾਰ ਨੂੰ ਅੱਖਾਂ ਦਾਨ ਕਰਨ ਵਾਸਤੇ ਬੇਨਤੀ ਕੀਤੀ। ਉਹਨਾਂ ਨੇ ਮਾਨਵਤਾ ਦੇ ਇਸ ਮਹਾਨ ਕੰਮ ਲਈ ਹਾਂ ਕਰ ਦਿੱਤੀ। ਫੇਰ ਰੋਟਰੀ ਕਲੱਬ ਵੱਲੋਂ ਪੀ.ਜੀ.ਆਈ. ਆਈ ਬੈਂਕ ਚੰਡੀਗੜ੍ਹ ਨਾਲ ਰਾਬਤਾ ਕਾਇਮ ਕਰਕੇ ਸ਼ਿਵਿੰਦਰ ਕੁਮਾਰ ਰਾਏ ਦੀ ਅਗਵਾਈ ਵਿੱਚ ਟੀਮ ਨੂੰ ਬੁਲਾਇਆ ਗਿਆ ਤੇ ਉਨ੍ਹਾਂ ਨੇ ਸੰਨੀ ਇਨਕਲੇਵ ਵਿਖੇ ਪਹੁੰਚ ਕੇ ਸਫਲਤਾਪੂਰਵਕ ਅੱਖਾਂ ਲੈਣ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ। ਰੋਟਰੀ ਕਲੱਬ ਦੇ ਪ੍ਰਧਾਨ ਰਾਕੇਸ਼ ਸਚਦੇਵਾ ਤੇ ਸਕੱਤਰ ਗੁਰਮੁਖ ਸਿੰਘ ਨੇ ਪਰਿਵਾਰ ਦੇ ਜਜ਼ਬੇ ਨੂੰ ਨਮਨ ਕੀਤਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਰੋਟਰੀ ਕਲੱਬ ਮਰਨ ਉਪਰੰਤ ਪਰਿਵਾਰਾਂ ਨੂੰ ਮੋਟੀਵੇਟ ਕਰਕੇ ਹੁਣ ਤੱਕ 99 ਲੋਕਾਂ ਦੀਆਂ ਅੱਖਾਂ ਦਾਨ ਕਰਵਾ ਚੁੱਕਿਆ ਹੈ ਤੇ ਹੁਣ ਇਸ ਖੁਬਸੂਰਤ ਦੁਨੀਆਂ ਨੂੰ 198 ਲੋਕ ਦੇਖ ਰਹੇ ਹਨ ।