ਝਾਂਸੀ : ਮਾਫੀਆ ਤੋਂ ਸਿਆਸਤਦਾਨ ਬਣੇ ਸਵਰਗੀ ਅਤੀਕ ਅਹਿਮਦ ਦੇ ਸਭ ਤੋਂ ਛੋਟੇ ਪੁੱਤਰ ਅਬਾਨ ਅਹਿਮਦ (21) ਦੀ ਵੀਰਵਾਰ ਨੂੰ ਝਾਂਸੀ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਹਾਦਸੇ ਵਿੱਚ ਉਸਦੇ ਦੋਸਤ ਸੋਨੂੰ ਖਾਨ ਦੀ ਵੀ ਮੌਤ ਹੋ ਗਈ, ਜਦੋਂ ਕਿ ਕਾਰ ਵਿੱਚ ਸਵਾਰ ਤਿੰਨ ਹੋਰ ਨੌਜਵਾਨ ਜ਼ਖਮੀ ਹੋ ਗਏ। ਪੁਲਸ ਸੂਤਰਾਂ ਅਨੁਸਾਰ ਆਬਾਨ ਅਹਿਮਦ ਆਪਣੇ ਵੱਡੇ ਭਰਾ ਅਲੀ ਅਹਿਮਦ ਨੂੰ ਮਿਲਣ ਝਾਂਸੀ ਜਾ ਰਿਹਾ ਸੀ। ਅਲੀ ਅਹਿਮਦ ਇਸ ਸਮੇਂ ਝਾਂਸੀ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਹੈ।
ਇਹ ਹਾਦਸਾ ਸਵੇਰੇ 10:30 ਵਜੇ ਦੇ ਕਰੀਬ ਝਾਂਸੀ-ਕਾਨਪੁਰ ਰਾਸ਼ਟਰੀ ਰਾਜਮਾਰਗ 'ਤੇ ਪੁੰਛ ਥਾਣਾ ਖੇਤਰ ਦੇ ਖਿੱਲੀ ਪਿੰਡ ਨੇੜੇ ਵਾਪਰਿਆ। ਦੱਸਿਆ ਗਿਆ ਹੈ ਕਿ ਪ੍ਰਯਾਗਰਾਜ ਤੋਂ ਝਾਂਸੀ ਜਾ ਰਹੀ ਕ੍ਰੇਟਾ ਕਾਰ ਦੇ ਸਾਹਮਣੇ ਅਚਾਨਕ ਇੱਕ ਜਾਨਵਰ ਆ ਗਿਆ। ਡਰਾਈਵਰ ਨੇ ਜਾਨਵਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਡਿਵਾਈਡਰ ਨਾਲ ਟਕਰਾ ਗਈ। ਹਾਦਸੇ ਦੇ ਸਮੇਂ ਕਾਰ ਦੀ ਅਗਲੀ ਸੀਟ 'ਤੇ ਬੈਠੇ ਆਬਾਨ ਅਹਿਮਦ ਅਤੇ ਉਸਦੇ ਸਾਥੀ ਸੋਨੂੰ ਖਾਨ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਹਾਦਸੇ ਕਾਰਨ ਕਾਰ ਵਿੱਚ ਫਸੇ ਹੋਰ ਜ਼ਖਮੀਆਂ ਨੂੰ ਬਚਾਇਆ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਜ਼ਖਮੀਆਂ ਦੀ ਪਛਾਣ ਉਮਰ ਅਹਿਮਦ, ਮੁਹੰਮਦ ਜ਼ੈਦ ਅਤੇ ਅਸਲਮ ਵਜੋਂ ਹੋਈ ਹੈ, ਜੋ ਪ੍ਰਯਾਗਰਾਜ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਡਾਕਟਰਾਂ ਨੇ ਆਬਾਨ ਅਹਿਮਦ ਅਤੇ ਸੋਨੂੰ ਖਾਨ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਤਿੰਨ ਜ਼ਖਮੀਆਂ ਨੂੰ ਇਲਾਜ ਲਈ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ। ਪੁਲਸ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣੋ ਅਤੀਕ ਅਹਿਮਦ ਅਤੇ ਉਸ ਦੇ ਪਰਿਵਾਰ ਬਾਰੇ
ਯੂਪੀ ਪੁਲਸ ਵੱਲੋਂ ਮੈਡੀਕਲ ਜਾਂਚ ਲਈ ਲੈ ਕੇ ਜਾਂਦੇ ਸਮੇਂ ਪ੍ਰਯਾਗਰਾਜ ਵਿੱਚ ਗੈਂਗਸਟਰ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਅਤੇ ਉਸਦੇ ਭਰਾ ਅਸ਼ਰਫ ਦਾ ਮੀਡੀਆ ਪੱਤਰਕਾਰ ਬਣ ਕੇ ਆਏ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਸਿਰ ਵਿੱਚ ਗੋਲੀ ਲੱਗਣ 'ਤੇ ਅਤੀਕ ਨੂੰ ਮੈਡੀਕਲ ਜਾਂਚ ਲਈ ਪ੍ਰਯਾਗਰਾਜ ਮੈਡੀਕਲ ਕਾਲਜ ਲਿਆਂਦਾ ਗਿਆ ਸੀ, ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਅਤੀਕ ਅਹਿਮਦ ਦੇ 5 ਪੁੱਤਰ ਹਨ। ਵੱਡਾ ਪੁੱਤਰ ਉਮਰ ਅਹਿਮਦ ਲਖਨਊ ਜੇਲ੍ਹ ਅਤੇ ਦੂਜਾ ਪੁੱਤਰ ਅਲੀ ਅਹਿਮਦ ਝਾਂਸੀ ਜੇਲ੍ਹ ਵਿੱਚ ਬੰਦ ਹੈ। ਅਤੀਕ ਦਾ ਤੀਸਰਾ ਪੁੱਤਰ ਅਸਦ ਝਾਂਸੀ ਵਿਖੇ ਹੋਏ ਪੁਲਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਚੌਥਾ ਪੁੱਤਰ ਅਹਜ਼ਮ ਬਾਹਰ ਹੈ। ਇਸ ਤੋਂ ਇਲਾਵਾ ਪੰਜਵਾਂ ਪੁੱਤਰ ਅਬਾਨ, ਜਿਸ ਦੀ ਅੱਜ ਸੜਕ ਹਾਦਸੇ ਵਿਚ ਮੌਤ ਹੋ ਗਈ।