ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੇਸ਼ੇਲਜ਼ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਿਨੀ ਵਿਚਾਲੇ ਗੱਲਬਾਤ ਤੋਂ ਬਾਅਦ ਭਾਰਤ ਤੇ ਸੇਸ਼ੇਲਜ਼ ਨੇ 19 ਮੁੱਖ ਸਮਝੌਤਿਆਂ ’ਤੇ ਐਤਵਾਰ ਨੂੰ ਹਸਤਾਖਰ ਕੀਤੇ। ਇਨ੍ਹਾਂ ’ਚ ਰੱਖਿਆ ਤੇ ਸਮੁੰਦਰੀ ਸੁਰੱਖਿਆ ਤੋਂ ਲੈ ਕੇ ਡਿਜੀਟਲ ਪੇਮੈਂਟ, ਪੁਲਾੜ, ਸਿਹਤ ਸੰਭਾਲ, ਖੇਤੀਬਾੜੀ ਤੇ ਸਿੱਖਿਆ ਤੱਕ ਕਈ ਖੇਤਰਾਂ ਵਿੱਚ ਸਹਿਯੋਗ ਸ਼ਾਮਲ ਹੈ।
ਇਹ ਸਮਝੌਤੇ ਹਿੰਦ ਮਹਾਸਾਗਰ ’ਚ ਰਣਨੀਤਕ ਪੱਖੋਂ ਅਹਿਮ ਟਾਪੂ ਦੇਸ਼ ਸੇਸ਼ੇਲਜ਼ ਨਾਲ ਸੁਰੱਖਿਆ, ਸੰਪਰਕ, ਸਮਰੱਥਾ ਨਿਰਮਾਣ ਤੇ ਵਿਕਾਸ ’ਚ ਭਾਈਵਾਲੀ ਦੇ ਖੇਤਰਾਂ ’ਚ ਭਾਰਤ ਦੀ ਵਧਦੀ ਸ਼ਮੂਲੀਅਤ ਨੂੰ ਦਰਸਾਉਂਦੇ ਹਨ। ਵਿਦੇਸ਼ ਮੰਤਰਾਲਾ ਅਨੁਸਾਰ 19 ਸਮਝੌਤਿਆਂ ’ਚ ਹਵਾਲਗੀ ਸੰਧੀ, ਬਾਹਰੀ ਪੁਲਾੜ ਦੀ ਸ਼ਾਂਤੀਪੂਰਨ ਵਰਤੋਂ ’ਚ ਸਹਿਯੋਗ ’ਤੇ ਇਕ ਸਮਝੌਤਾ, ਸੇਸ਼ੇਲਜ਼ ’ਚ ਯੂ. ਪੀ. ਆਈ. ਆਧਾਰਤ ਡਿਜੀਟਲ ਭੁਗਤਾਨਾਂ ਨੂੰ ਉਤਸ਼ਾਹਿਤ ਕਰਨ ਲਈ ਸਮਝੌਤਾ, ਭਾਰਤ ਦੀ ਬਰਾਮਦ-ਦਰਾਮਦ ਬੈਂਕ ਨਾਲ ਇੱਕ ਵਿਆਪਕ ਕ੍ਰੈਡਿਟ ਲਾਈਨ ਸਮਝੌਤਾ ਅਤੇ ਨਵੇਂ ਸੇਸ਼ੇਲਜ਼ ਨੈਸ਼ਨਲ ਹਸਪਤਾਲ ਲਈ ਤਿਆਰੀ ਕਾਰਜ 'ਤੇ ਸਮਝੌਤਾ ਸ਼ਾਮਲ ਹੈ।
ਭਾਰਤ ਨੇ ਸੇਸ਼ੇਲਜ਼ ਨੂੰ ਇਕ ਤੇਜ਼ ਗਸ਼ਤ ਕਰਨ ਵਾਲਾ ਜਹਾਜ਼ ਤੋਹਫੇ ਵਜੋਂ ਦੇਣ, ਸੇਸ਼ੇਲਜ਼ ਰੱਖਿਆ ਫੋਰਸ ਨੂੰ 10 ਉਪਯੋਗੀ ਵਾਹਨਾਂ ਤੇ 5 ਲੇਜ਼ਰ ਰੇਡੀਅਲ-ਕਲਾਸ ਕਿਸ਼ਤੀਆਂ ਦੀ ਸਪੁਰਦਗੀ ਕਰਨ , ਸੇਸ਼ੇਲਜ਼ ਦੇ ਤੱਟ ਰੱਖਿਅਕ ਜਹਾਜ਼ ‘ਪੀ.ਐਸ. ਜ਼ੋਰੋਸਟਰ’ ਦੇ ਮੁੜ ਨਿਰਮਾਣ ਨੂੰ ਪੂਰਾ ਕਰਨ ਤੇ ਆਧੁਨਿਕ ਸ਼ੀਸ਼ੇ ਦੀ ਕਾਕਪਿਟ ਪ੍ਰਣਾਲੀ ਨਾਲ ਡੋਰਨੀਅਰ ਜਹਾਜ਼ ਨੂੰ ਅਪਗ੍ਰੇਡ ਕਰਨ ਦਾ ਫੈਸਲਾ ਵੀ ਕੀਤਾ ਹੈ। ਇਨ੍ਹਾਂ ਸਮਝੌਤਿਆਂ ਦਾ ਐਲਾਨ ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਹਰਮਿਨੀ ਦਰਮਿਆਨ ਵਫ਼ਦ-ਪੱਧਰੀ ਗੱਲਬਾਤ ਤੋਂ ਬਾਅਦ ਕੀਤਾ ਗਿਆ।
ਮੋਦੀ ‘ਗਾਰਡੀਅਨ ਆਫ਼ ਦ ਬਲੂ ਹੋਰਾਈਜ਼ਨ’ ਦੇ ਖਿਤਾਬ ਨਾਲ ਸਨਮਾਨਿਤ
ਸੇਸ਼ੇਲਜ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਤਾਵਰਣ ਦੀ ਸੁਰੱਖਿਆ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਤੇ ਛੋਟੇ ਟਾਪੂ ਵਿਕਾਸਸ਼ੀਲ ਦੇਸ਼ਾਂ ਦੀਆਂ ਇੱਛਾਵਾਂ ਨੂੰ ਅੱਗੇ ਵਧਾਉਣ ’ਚ ਉਨ੍ਹਾਂ ਦੇ ਯੋਗਦਾਨ ਲਈ ‘ਗਾਰਡੀਅਨ ਆਫ਼ ਦ ਬਲੂ ਹੋਰਾਈਜ਼ਨ’ ਦੇ ਆਨਰੇਰੀ ਖਿਤਾਬ ਨਾਲ ਸਨਮਾਨਿਤ ਕੀਤਾ।
ਇਹ ਕਿਸੇ ਵਿਦੇਸ਼ੀ ਦੇਸ਼ ਤੋਂ ਉਨ੍ਹਾਂ ਨੂੰ ਮਿਲਣ ਵਾਲਾ 34ਵਾਂ ਕੌਮਾਂਤਰੀ ਸਨਮਾਨ ਹੈ। ਰਾਸ਼ਟਰਪਤੀ ਪੈਟ੍ਰਿਕ ਹਰਮਿਨੀ ਨੇ ਮੋਦੀ ਨੂੰ ਇਹ ਸਨਮਾਨ ਭੇਟ ਕੀਤਾ। ਸੇਸ਼ੇਲਜ਼ ਵੱਲੋਂ ਦਿੱਤਾ ਗਿਆ ਇਹ ਪਹਿਲਾ ਅਜਿਹਾ ਸਨਮਾਨ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਸਨਮਾਨ ਲਈ ਸੇਸ਼ੇਲਜ਼ ਦਾ ਧੰਨਵਾਦ ਕੀਤਾ ਅਤੇ ਇਸ ਨੂੰ ਉਨ੍ਹਾਂ ਦੇਸ਼ਾਂ ਨੂੰ ਸਮਰਪਿਤ ਕੀਤਾ ਜੋ ਪੌਣ-ਪਾਣੀ ਦੀਆਂ ਤਬਦੀਲੀਆਂ ਦੀਆਂ ਚੁਣੌਤੀਆਂ ਨਾਲ ਲੜ ਰਹੇ ਹਨ। ਇਸ ਸਨਮਾਨ ਨੂੰ ਹਾਸਲ ਕਰਨ ਤੋਂ ਬਾਅਦ ਮੋਦੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਉਹ ਸੇਸ਼ੇਲਜ਼ ਦੇ ਲੋਕਾਂ, ਸਰਕਾਰ ਅਤੇ ਰਾਸ਼ਟਰਪਤੀ ਹਰਮਿਨੀ ਦਾ ਤਹਿ ਦਿਲੋਂ ਧੰਨਵਾਦੀ ਹਨ।