ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (BJP) ਨੇ ਸੰਗਠਨਾਤਮਕ ਪੱਧਰ 'ਤੇ ਵੱਡਾ ਫੇਰਬਦਲ ਕਰਦਿਆਂ ਪੰਜਾਬ, ਦਿੱਲੀ, ਹਰਿਆਣਾ ਅਤੇ ਤ੍ਰਿਪੁਰਾ ਵਿੱਚ ਨਵੇਂ ਸੂਬਾ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਇਨ੍ਹਾਂ ਅਹਿਮ ਨਿਯੁਕਤੀਆਂ ਨੂੰ ਹਰੀ ਝੰਡੀ ਦਿੱਤੀ ਗਈ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਕੇਂਦਰੀ ਮੰਤਰੀ ਹਰਸ਼ ਮਲਹੋਤਰਾ ਨੂੰ ਦਿੱਲੀ ਪ੍ਰਦੇਸ਼ ਭਾਜਪਾ ਦਾ ਨਵਾਂ ਪ੍ਰਧਾਨ ਥਾਪਿਆ ਹੈ।
ਕੇਂਦਰੀ ਮੰਤਰੀ ਹਰਸ਼ ਮਲਹੋਤਰਾ ਬਣੇ ਦਿੱਲੀ ਭਾਜਪਾ ਦੇ ਪ੍ਰਧਾਨ
ਦੱਸ ਦੇਈਏ ਕਿ ਹਰਸ਼ ਮਲਹੋਤਰਾ ਕੋਲ ਸੰਗਠਨ ਵਿੱਚ ਕੰਮ ਕਰਨ ਦਾ ਲੰਬਾ ਤਜਰਬਾ ਹੈ, ਜਿਸ ਦਾ ਫਾਇਦਾ ਪਾਰਟੀ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਮਿਲੇਗਾ।
ਇਸ ਤੋਂ ਇਲਾਵਾ ਡਾ. ਅਰਚਨਾ ਗੁਪਤਾ ਨੂੰ ਭਾਰਤੀ ਜਨਤਾ ਪਾਰਟੀ ਹਰਿਆਣਾ ਇਕਾਈ ਦਾ ਨਵਾਂ ਪ੍ਰਧਾਨ ਅਤੇ ਅਭਿਸ਼ੇਕ ਦੇਬਰੋਏ ਨੂੰ ਤ੍ਰਿਪੁਰਾ ਸੂਬਾ ਇਕਾਈ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ।
ਦੂਜੇ ਪਾਸੇ ਪੰਜਾਬ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਭਾਜਪਾ ਹਾਈਕਮਾਂਡ ਨੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਭਾਰਤੀ ਜਨਤਾ ਪਾਰਟੀ ਪੰਜਾਬ ਇਕਾਈ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਪਾਰਟੀ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਅਗਵਾਈ ਵਿੱਚ ਪੰਜਾਬ ਅੰਦਰ ਸੰਗਠਨ ਹੋਰ ਵਧੇਰੇ ਸਰਗਰਮ ਹੋ ਕੇ ਕੰਮ ਕਰੇਗਾ।