ਕੋਲਕਾਤਾ/ਨਵੀਂ ਦਿੱਲੀ : ਪੱਛਮੀ ਬੰਗਾਲ ਦੇ ਚੋਣ ਮੈਦਾਨ ਵਿੱਚ ਸਿਆਸੀ ਤਾਪਮਾਨ ਸਿਖਰਾਂ 'ਤੇ ਪਹੁੰਚ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬੰਗਾਲ ਵਿੱਚ ਭਾਜਪਾ ਲਈ ਵੋਟਾਂ ਮੰਗਣ ਲਈ ਚੋਣ ਮੈਦਾਨ ਵਿੱਚ ਉਤਰੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੱਛਮੀ ਬੰਗਾਲ ਵਿੱਚ ਚੋਣ ਰੈਲੀ ਦੀ ਸ਼ੁਰੂਆਤ ਕੀਤੀ। ਪੀ.ਐੱਮ. ਮੋਦੀ ਅੱਜ ਬੰਗਾਲ ਵਿੱਚ ਇੱਕ ਤੋਂ ਬਾਅਦ ਇੱਕ ਤਿੰਨ ਵੱਡੀਆਂ ਰੈਲੀਆਂ ਨੂੰ ਸੰਬੋਧਨ ਕਰ ਰਹੇ ਹਨ, ਜਿਨ੍ਹਾਂ ਰਾਹੀਂ ਉਹ ਸਿੱਧੇ ਤੌਰ 'ਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਗੜ੍ਹ ਨੂੰ ਨਿਸ਼ਾਨਾ ਬਣਾਉਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਸਰਕਾਰ ਦੀ ਸਖ਼ਤ ਆਲੋਚਨਾ ਕਰਦਿਆਂ ਉਸ 'ਤੇ ਕੁਸ਼ਾਸਨ ਦਾ ਦੋਸ਼ ਲਗਾਇਆ ਅਤੇ ਵੋਟਰਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਤ੍ਰਿਣਮੂਲ ਕਾਂਗਰਸ ਨੂੰ ਸੱਤਾ ਤੋਂ ਬਾਹਰ ਕਰਨ ਦੀ ਅਪੀਲ ਕੀਤੀ। ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ ਦੇ ਗੜ੍ਹ ਮੰਨੇ ਜਾਣ ਵਾਲੇ ਹਲਦੀਆ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਰਾਜ ਦੀ ਸੱਤਾਧਾਰੀ ਪਾਰਟੀ "ਬੰਗਾਲ ਨੂੰ ਪਿੱਛੇ ਧੱਕ ਰਹੀ ਹੈ।" ਉਨ੍ਹਾਂ ਦਾਅਵਾ ਕੀਤਾ, "ਦੇਸ਼ ਤਰੱਕੀ ਦੇ ਰਾਹ 'ਤੇ ਅੱਗੇ ਵਧ ਰਿਹਾ ਹੈ, ਜਦੋਂ ਕਿ ਤ੍ਰਿਣਮੂਲ ਕਾਂਗਰਸ ਦੀ 'ਬੇਰਹਿਮ ਸਰਕਾਰ' ਬੰਗਾਲ ਨੂੰ ਪਿੱਛੇ ਧੱਕ ਰਹੀ ਹੈ। 'ਵਿਕਸਤ ਬੰਗਾਲ' ਸਥਾਪਤ ਕਰਨ ਲਈ, ਪਾਰਟੀ ਨੂੰ ਸੱਤਾ ਤੋਂ ਹਟਾਉਣਾ ਜ਼ਰੂਰੀ ਹੈ।"
ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਤ੍ਰਿਣਮੂਲ ਕਾਂਗਰਸ ਨੇ ਬੰਗਾਲ ਦੇ ਨੌਜਵਾਨਾਂ ਨਾਲ "ਦੋਹਰਾ ਧੋਖਾ" ਕੀਤਾ ਹੈ। ਉਸਨੇ ਨਿੱਜੀ ਖੇਤਰ ਅਤੇ ਨਿਵੇਸ਼ ਦੇ ਮੌਕਿਆਂ ਨੂੰ ਤਬਾਹ ਕਰ ਦਿੱਤਾ ਅਤੇ ਤ੍ਰਿਣਮੂਲ ਕਾਂਗਰਸ ਦੇ ਮੰਤਰੀਆਂ ਨੇ ਸਰਕਾਰੀ ਭਰਤੀਆਂ ਨੂੰ ਲੁੱਟਿਆ ਹੈ। ਨੌਜਵਾਨਾਂ ਦੇ ਸੁਪਨਿਆਂ ਨੂੰ ਕੁਚਲ ਦਿੱਤਾ ਹੈ। ਉਦਯੋਗਿਕ ਹੱਬ ਵਿੱਚ ਮੋਦੀ ਨੇ ਕਿਹਾ, "ਨਿਵੇਸ਼ ਡਰ ਦੇ ਮਾਹੌਲ ਵਿੱਚ ਨਹੀਂ, ਸਗੋਂ ਵਿਸ਼ਵਾਸ ਦੇ ਮਾਹੌਲ ਵਿੱਚ ਆਉਂਦਾ ਹੈ, ਜੋ ਭਾਜਪਾ ਬੰਗਾਲ ਵਿੱਚ ਲਿਆਏਗੀ।" ਉਨ੍ਹਾਂ ਤ੍ਰਿਣਮੂਲ ਕਾਂਗਰਸ 'ਤੇ ਦੋਸ਼ ਲਗਾਇਆ ਕਿ ਉਹ "ਆਪਣੇ ਵੋਟ ਬੈਂਕ ਨੂੰ ਸੁਰੱਖਿਅਤ ਕਰਨ ਲਈ ਧਰਮ ਦੇ ਆਧਾਰ 'ਤੇ ਰਾਖਵਾਂਕਰਨ ਨੀਤੀ ਅਪਣਾ ਰਹੀ ਹੈ।" ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, "ਖਰਾਬ ਮੌਸਮ ਦੇ ਬਾਵਜੂਦ ਹਲਦੀਆ ਰੈਲੀ ਵਿੱਚ ਭਾਰੀ ਜਨਸੰਖਿਆ ਬੰਗਾਲ ਵਿੱਚ ਬਦਲਾਅ ਦਾ ਸੰਕੇਤ ਹੈ। ਇਹ ਤ੍ਰਿਣਮੂਲ ਕਾਂਗਰਸ ਦੇ ਸੱਤਾ ਤੋਂ ਬਾਹਰ ਹੋਣ ਦਾ ਸੰਕੇਤ ਹੈ।"
ਮੋਦੀ ਨੇ ਕਿਹਾ, "ਪੰਜ ਸਾਲ ਪਹਿਲਾਂ ਨੰਦੀਗ੍ਰਾਮ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਇਸ ਵਾਰ ਭਵਾਨੀਪੁਰ ਵਿੱਚ ਦੁਹਰਾਏ ਜਾਣਗੇ।" ਅਧਿਕਾਰੀ ਨੇ 2021 ਵਿੱਚ ਨੰਦੀਗ੍ਰਾਮ ਵਿੱਚ ਮਮਤਾ ਬੈਨਰਜੀ ਨੂੰ ਹਰਾਇਆ ਸੀ ਅਤੇ ਹੁਣ ਦੱਖਣੀ ਕੋਲਕਾਤਾ ਦੇ ਆਪਣੇ ਗੜ੍ਹ ਭਵਾਨੀਪੁਰ ਵਿੱਚ ਮੌਜੂਦਾ ਮੁੱਖ ਮੰਤਰੀ ਦੇ ਖਿਲਾਫ ਚੋਣ ਲੜ ਰਹੇ ਹਨ। ਤ੍ਰਿਣਮੂਲ ਕਾਂਗਰਸ ਦੀ ਆਲੋਚਨਾ ਕਰਦੇ ਹੋਏ ਮੋਦੀ ਨੇ ਕਿਹਾ, "ਮਮਤਾ ਸਰਕਾਰ ਨੇ ਨੌਜਵਾਨਾਂ ਨਾਲ ਜੋ ਕੀਤਾ, ਉਸਦੀ ਭਰਪਾਈ ਅਗਲੇ 100 ਸਾਲਾਂ ਵਿੱਚ ਵੀ ਨਹੀਂ ਕੀਤੀ ਜਾ ਸਕਦੀ।" ਪੱਛਮੀ ਬੰਗਾਲ ਵਿੱਚ ਡਬਲ-ਇੰਜਣ ਸਰਕਾਰ ਦਾ ਸਮਰਥਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇੱਕ ਜਨਤਕ ਮੀਟਿੰਗ ਵਿੱਚ ਕਿਹਾ ਕਿ ਰਾਜ ਨੂੰ "ਪ੍ਰਧਾਨ ਮੰਤਰੀ ਦਾ ਵਿਰੋਧ ਕਰਨ ਨਾਲ ਕੋਈ ਫਾਇਦਾ ਨਹੀਂ ਹੋਵੇਗਾ ਪਰ ਸਿਰਫ਼ ਉਦੋਂ ਹੀ ਹੋਵੇਗਾ ਜਦੋਂ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਮਿਲ ਕੇ ਕੰਮ ਕਰਨਗੇ।"
ਉਨ੍ਹਾਂ ਪੱਛਮੀ ਬੰਗਾਲ ਦੇ ਲੋਕਾਂ ਨਾਲ ਰਾਜ ਨੂੰ ਮੱਛੀ ਪਾਲਣ ਅਤੇ ਸਮੁੰਦਰੀ ਭੋਜਨ ਦੇ ਖੇਤਰ ਵਿੱਚ ਸਵੈ-ਨਿਰਭਰ ਬਣਾਉਣ ਦਾ ਵਾਅਦਾ ਕੀਤਾ, ਜਦੋਂ ਕਿ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਨੇ ਮਛੇਰਿਆਂ ਦੀ ਭਲਾਈ ਲਈ ਇੱਕ ਸਮਰਪਿਤ ਮੰਤਰਾਲਾ ਸਥਾਪਤ ਕੀਤਾ ਹੈ ਅਤੇ ਉਨ੍ਹਾਂ ਲਈ ਇੱਕ ਰਿਕਾਰਡ ਬਜਟ ਅਲਾਟ ਕੀਤਾ ਹੈ। ਪੀਐਮ ਮੋਦੀ ਵਲੋਂ ਅੱਜ ਤਿੰਨ ਰੈਲੀਆਂ ਪਹਿਲੀ ਪੂਰਬੀ ਮੇਦਿਨੀਪੁਰ ਦੇ ਹਲਦੀਆ, ਦੂਜੀ ਆਸਨਸੋਲ ਵਿੱਚ ਅਤੇ ਤੀਜੀ ਬੀਰਭੂਮ ਵਿੱਚ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਦਾ ਅੱਜ ਦਾ ਪ੍ਰੋਗਰਾਮ ਬਹੁਤ ਵਿਅਸਤ ਹੈ। ਸਭ ਤੋਂ ਪਹਿਲੀ ਰੈਲੀ ਹਲਦੀਆ ਵਿਖੇ ਹੋਵੇਗੀ, ਜੋ ਭਾਜਪਾ ਦਾ ਮਜ਼ਬੂਤ ਅਧਾਰ ਮੰਨਿਆ ਜਾਂਦਾ ਹੈ। ਦੂਜੀ ਰੈਲੀ ਆਸਨਸੋਲ ਵਿੱਚ ਹੋਵੇਗੀ, ਜਿੱਥੇ ਭਾਜਪਾ ਆਪਣੀ ਪਕੜ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗੀ। ਤੀਜੀ ਅਤੇ ਸਭ ਤੋਂ ਮਹੱਤਵਪੂਰਨ ਰੈਲੀ ਬੀਰਭੂਮ ਵਿੱਚ ਹੋਵੇਗੀ। ਦੱਸ ਦੇਈਏ ਕਿ ਬੀਰਭੂਮ ਮਮਤਾ ਬੈਨਰਜੀ ਦਾ ਮਜ਼ਬੂਤ ਕਿਲ੍ਹਾ ਮੰਨਿਆ ਜਾਂਦਾ ਹੈ ਅਤੇ ਇੱਥੇ ਪੀ.ਐੱਮ. ਮੋਦੀ ਦੇ ਨਿਸ਼ਾਨੇ 'ਤੇ ਸਿੱਧੇ ਤੌਰ 'ਤੇ TMC ਸੁਪਰੀਮੋ ਹੋਵੇਗੀ।
ਬੰਗਾਲ ਚੋਣਾਂ ਦਾ ਪੂਰਾ ਸ਼ਡਿਊਲ
ਪੱਛਮੀ ਬੰਗਾਲ ਦੀਆਂ 294 ਵਿਧਾਨ ਸਭਾ ਸੀਟਾਂ ਲਈ ਦੋ ਪੜਾਵਾਂ ਵਿੱਚ ਵੋਟਿੰਗ ਹੋਵੇਗੀ:
ਪਹਿਲਾ ਪੜਾਅ: 23 ਅਪ੍ਰੈਲ
ਦੂਜਾ ਪੜਾਅ: 29 ਅਪ੍ਰੈਲ
ਨਤੀਜੇ: 4 ਮਈ