ਪ੍ਰੀਤ ਪੱਤੀ
ਖਰੜ: ਬੀਤੀ 16 ਮਈ ਨੂੰ ਨਗਰ ਕੌਂਸਲ ਖਰੜ ਦੀ ਸਾਬਕਾ ਪ੍ਰਧਾਨ ਬੀਬੀ ਜਸਪ੍ਰੀਤ ਕੌਰ ਲੌਂਗੀਆ ਵਿਰੁੱਧ ਬੇਭਰੋਸਗੀ ਮਤਾ ਪਾਸ ਹੋਣ ਤੋਂ ਬਾਅਦ ਨਗਰ ਕੌਂਸਲ ਖਰੜ ਦੇ ਪ੍ਰਧਾਨ ਦੀ ਕੁਰਸੀ ਜੋ ਪਿਛਲੇ ਸਵਾ ਮਹੀਨੇ ਤੋਂ ਖਾਲੀ ਪਈ ਸੀ ਦੀ ਅੱਜ ਚੋਣ ਕਰਵਾਈ ਗਈ। ਇਸ ਚੋਣ ਦੇ ਵਿੱਚ ਵਾਰਡ ਨੰਬਰ 16 ਤੋਂ ਕੌਂਸਲਰ ਬੀਬੀ ਅੰਜੂ ਚੰਦਰ ਨੂੰ ਸਰਬ ਸੰਮਤੀ ਦੇ ਨਾਲ ਨਗਰ ਕੌਂਸਲ ਖਰੜ ਦਾ ਪ੍ਰਧਾਨ ਚੁਣ ਲਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕਾਂ ਬੀਬੀ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਅੱਜ ਪ੍ਰਧਾਨਗੀ ਦੀ ਹੋਈ ਚੋਣ ਦੇ ਵਿੱਚ 25 ਕੌਂਸਲਰਾਂ ਵੱਲੋਂ ਸਰਬ ਸੰਮਤੀ ਦੇ ਨਾਲ ਬੀਬੀ ਅੰਜੂ ਚੰਦਰ ਨੂੰ ਨਗਰ ਕੌਂਸਲ ਖਰੜ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਖਰੜ ਸ਼ਹਿਰ ਦੇ ਵਿੱਚ ਹੁਣ ਬਹੁਤ ਤੇਜ਼ੀ ਦੇ ਨਾਲ ਵਿਕਾਸ ਕਾਰਜ ਦੇਖਣ ਨੂੰ ਮਿਲਣਗੇ। ਉਹਨਾਂ ਕਿਹਾ ਕਿ ਸੂਬੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਖਰੜ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਕਮੇਟੀ ਬਣ ਗਈ ਹੈ, ਜਿਸ ਨਾਲ ਸ਼ਹਿਰ ਵਿੱਚ ਵੱਡੇ ਪੱਧਰ ਤੇ ਵਿਕਾਸ ਕਾਰਜ ਹੋਣਗੇ। ਇਸ ਮੌਕੇ ਬੋਲਦਿਆਂ ਨਵ ਨਿਯੁਕਤ ਪ੍ਰਧਾਨ ਬੀਬੀ ਅੰਜੂ ਚੰਦਰ ਨੇ ਸਮੂਹ ਕੌਂਸਲਰਾਂ ਅਤੇ ਹਲਕਾ ਵਿਧਾਇਕਾਂ ਬੀਬੀ ਅਨਮੋਲ ਗਗਨ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਸ਼ਹਿਰ ਨੂੰ ਵਿਕਾਸ ਦੀਆਂ ਲੀਹਾਂ ਤੇ ਲੈ ਕੇ ਜਾਣਗੇ। ਇੱਥੇ ਜ਼ਿਕਰਯੋਗ ਹੈ ਕਿ ਬੀਬੀ ਅੰਜੂ ਚੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪਹਿਲਾਂ ਵੀ ਨਗਰ ਕੌਂਸਲ ਖਰੜ ਦੇ ਪ੍ਰਧਾਨ ਰਹਿ ਚੁੱਕੇ ਹਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਵਰਕਰ ਅਤੇ ਯੂਥ ਆਗੂ ਹਾਜ਼ਰ ਸਨ। ਇਸ ਮੌਕੇ ਪ੍ਰਭਦੀਪ ਸਿੰਘ ਖਾਲਸਾ, ਯਸ਼ਪਾਲ ਬਾਂਸਲ, ਸਰਬਜੀਤ ਸਿੰਘ ਚੀਮਾ, ਸਰਪੰਚ ਗੁਰਦੀਪ ਸਿੰਘ ਟਿੰਕੂ ਜਕੜ ਮਾਜਰਾ, ਸੁਖਵਿੰਦਰ ਸਿੰਘ ਬਿੱਟੂ, ਰਘਵੀਰ ਸਿੰਘ ਮੋਦੀ, ਹਰਪ੍ਰੀਤ ਕੌਰ ਬਲਾਕ ਪ੍ਰਧਾਨ, ਰੀਤੂ ਸ਼ਰਮਾ, ਰੂਬੀ ਚੋਪੜਾ, ਵਿਕਾਸ ਮੋਹਨ, ਹਰਜੀਤ ਬੰਟੀ , ਸਮੇਤ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਵਰਕਰ ਅਤੇ ਯੂਥ ਆਗੂ ਹਾਜ਼ਰ ਸਨ।