ਨਵੀਂ ਦਿੱਲੀ : ਰੱਖਿਆ ਮੰਤਰਾਲਾ ਨੇ ਹਥਿਆਰਬੰਦ ਫ਼ੋਰਸਾਂ ਦੇ ਤਿੰਨਾਂ ਅੰਗਾਂ ਲਈ ਕਰੀਬ 1.10 ਲੱਖ ਕਰੋੜ ਰੁਪਏ ਦੇ ਰੱਖਿਆ ਨੂੰ ਜ਼ਰੂਰਤ ਦੇ ਆਧਾਰ 'ਤੇ ਮਨਜ਼ੂਰੀ ਯਾਨੀ ਸਿਧਾਂਤਕ ਮਨਜ਼ੂਰੀ ਦਿੱਤੀ ਹੈ। ਜਿਸ 'ਚ ਫ਼ੌਜ ਦੇ ਰਸਾਇਣਕ, ਜੈਵਿਕ, ਰੇਡੀਓਲਾਜਿਕਲ ਅਤੇ ਪਰਮਾਣੂ ਏਜੰਟਾਂ ਦੀ ਪਛਾਣ ਅਤੇ ਨਿਗਰਾਨੀ ਕਰਨ ਵਾਲੇ ਵਾਹਨ, ਉੱਚ ਗਤੀਸ਼ਲਤਾ ਵਾਲੇ ਵਾਹਨ, ਆਟੋਮੇਟਿਡ ਮਕੈਨੀਕਲ ਮਾਈਨ-ਲੇਇੰਗ ਸਿਸਟਮ, ਉੱਨਤ ਹਲਕੇ ਹੈਲਕੀਪਾਟਰ, ਟਰਾਲ ਟੈਂਕ ਅਤੇ ਸਰਵਤਰਾ ਪੁਲ ਪ੍ਰਣਾਲੀ ਸ਼ਾਮਲ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ 'ਚ ਸੋਮਵਾਰ ਨੂੰ ਹੋਈ ਰੱਖਿਆ ਖਰੀਦ ਕੌਂਸਲ ਦੀ ਬੈਠਕ 'ਚ ਇਨ੍ਹਾਂ ਸੌਦਿਆਂ ਨੂੰ ਮਨਜ਼ੂਰੀ ਦਿੱਤੀ ਗਈ। ਇਸ ਫੈਸਲੇ ਨੂੰ ਭਾਰਤੀ ਫੌਜਾਂ ਦੀ ਸਮਰੱਥਾ ਨੂੰ ਵਧਾਉਣ ਤੇ ਸਵੈ-ਨਿਰਭਰਤਾ ਨੂੰ ਮਜ਼ਬੂਤ ਕਰਨ ਵੱਲ ਇਕ ਅਹਿਮ ਕਦਮ ਵਜੋਂ ਮੰਨਿਆ ਜਾ ਰਿਹਾ ਹੈ।
ਫੌਜ ਲਈ ਅਹਿਮ ਪ੍ਰਣਾਲੀਆਂ ਨੂੰ ਮਨਜ਼ੂਰੀ
ਭਾਰਤੀ ਫੌਜ ਲਈ ਕਈ ਅਹਿਮ ਪ੍ਰਣਾਲੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ’ਚ ਰਸਾਇਣਕ, ਜੈਵਿਕ, ਰੇਡੀਓਲਾਜੀਕਲ ਅਤੇ ਪ੍ਰਮਾਣੂ ਖੋਜ ਵਾਹਨ ਸ਼ਾਮਲ ਹਨ। ਇਹ ਵਾਹਨ ਉਕਤ ਪ੍ਰਣਾਲੀ ਨਾਲ ਸਬੰਧਤ ਦੂਸ਼ਿਤ ਖੇਤਰਾਂ ਦਾ ਪਤਾ ਲਾਉਣ, ਪਛਾਣ ਕਰਨ, ਨਿਗਰਾਨੀ ਕਰਨ ਅਤੇ ਨਿਸ਼ਾਨ ਲਾਉਣ ਦੇ ਸਮਰੱਥ ਹੋਣਗੇ।
ਹਵਾਈ ਫੌਜ ਦੀ ਲੜਾਈ ਦੀ ਸਮਰੱਥਾ ਤੇ ਸੁਰੱਖਿਆ ’ਚ ਸੁਧਾਰ
ਭਾਰਤੀ ਹਵਾਈ ਫੌਜ ਲਈ ਲੜਾਕੂ ਜਹਾਜ਼ਾਂ, ਟਰਾਂਸਪੋਰਟ ਜਹਾਜ਼ਾਂ ਤੇ ਹੈਲੀਕਾਪਟਰਾਂ ਦੀ ਲੜਾਈ ਸਮਰੱਥਾ ਨੂੰ ਵਧਾਉਣ ਲਈ ਕਈ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜ਼ਮੀਨ-ਆਧਾਰਤ ਬਹੁ-ਮੰਤਵੀ ਜੈਮਰ ਨੂੰ ਮਨਜ਼ੂਰੀ ਦਿੱਤੀ ਗਈ ਹੈ ਜੋ ਦੁਸ਼ਮਣ ਦੇ ਰਾਡਾਰਾਂ ਵਿਰੁੱਧ ਪ੍ਰਭਾਵਸ਼ਾਲੀ ਜੈਮਿੰਗ ਸਮਰੱਥਾ ਪ੍ਰਦਾਨ ਕਰਦਾ ਹੈ। ਨਾਲ ਹੀ ਇਲੈਕਟ੍ਰਾਨਿਕ ਜੰਗ ’ਚ ਚੜ੍ਹਤ ਮਿਲੇਗੀ। ਉੱਚ ਗਤੀਸ਼ੀਲਤਾ ਵਾਹਨ ਚੁਣੌਤੀਪੂਰਨ ਖੇਤਰਾਂ ’ਚ ਸੰਚਾਲਨ ਸਮਰੱਥਾਵਾਂ, ਲਾਜਿਸਟਿਕਲ ਮਦਦ ਤੇ ਗਤੀਸ਼ੀਲਤਾ ਨੂੰ ਵਧਾਉਣਗੇ।
ਸਮੁੰਦਰੀ ਫੌਜ ਲਈ ਰਾਡਾਰ ਤੇ ਸਵਦੇਸ਼ੀ ਨਿਗਰਾਨੀ ਸਿਸਟਮ
ਭਾਰਤੀ ਸਮੁੰਦਰੀ ਫੌਜ ਲਈ ਅਰੁਧਰਾ ਰਾਡਾਰ ਤੇ ਮਰੀਨ ਗੈਸ ਟਰਬਾਈਨ ਦੇ ਡਿਜ਼ਾਈਨ, ਵਿਕਾਸ ਤੇ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਹੈ। ਅਰੁਧਰਾ ਰਾਡਾਰ ਸਮੁੰਦਰੀ ਫੌਜ ਦੇ ਵੱਖ-ਵੱਖ ਹਵਾਈ ਸਟੇਸ਼ਨਾਂ ’ਤੇ ਮੌਜੂਦਾ ਹਵਾਈ ਰੂਟ ਨਿਗਰਾਨੀ ਰਾਡਾਰਾਂ ਦੀ ਥਾਂ ਲੈਣਗੇ। ਇਹ ਹਵਾਈ ਨਿਗਰਾਨੀ ਦੀ ਸਮਰੱਥਾ ਤੇ ਸ਼ੁੱਧਤਾ ਨੂੰ ਵਧਾਉਣਗੇ। ਇਨ੍ਹਾਂ ਸੌਦਿਆਂ 'ਚੋਂ ਕਰੀਬ 98 ਫੀਸਦੀ ਖਰੀਦ ਭਾਰਤੀ ਉਦਯੋਗ ਤੋਂ ਕੀਤੀ ਜਾਵੇਗੀ।