ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਦੇ ਸਾਂਕਰਾਈਲ ਵਿਖੇ 700 ਕਰੋੜ ਰੁਪਏ ਦੀ ਲਾਗਤ ਵਾਲੇ 'ਅਮੂਲ ਬੰਗਾਲ ਡੇਰੀ' ਪ੍ਰਾਜੈਕਟ ਦਾ ਡਿਜੀਟਲ ਮਾਧਿਅਮ ਰਾਹੀਂ ਨੀਂਹ ਪੱਥਰ ਰੱਖਿਆ ਤੇ ਭੂਮੀ ਪੂਜਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਸੂਬੇ ਵਿੱਚ ਹੋਏ ਰਾਜਨੀਤਿਕ ਬਦਲਾਅ ਦਾ ਨਤੀਜਾ ਹੈ ਤੇ ਇਸ ਨਾਲ ਗੁਰੂਦੇਵ ਰਬਿੰਦਰਨਾਥ ਟੈਗੋਰ ਦੇ 'ਸੋਨਾਰ ਬੰਗਲਾ' ਦੇ ਸੁਪਨੇ ਨੂੰ ਮੁੜ ਸੁਰਜੀਤ ਕਰਨ ਦੀ ਮੁਹਿੰਮ ਸ਼ੁਰੂ ਹੋ ਗਈ ਹੈ।
ਇਸ ਪ੍ਰਾਜੈਕਟ ਦੇ ਤਹਿਤ ਦੁਨੀਆ ਦਾ ਸਭ ਤੋਂ ਵੱਡਾ ਦਹੀਂ ਉਤਪਾਦਨ ਪਲਾਂਟ ਸਥਾਪਿਤ ਕੀਤਾ ਜਾਵੇਗਾ। ਇਸ ਵਿੱਚ ਰੋਜ਼ਾਨਾ 30 ਲੱਖ ਲੀਟਰ ਦੁੱਧ ਦੀ ਪ੍ਰੋਸੈਸਿੰਗ ਕੀਤੀ ਜਾਵੇਗੀ ਅਤੇ ਹਰ ਦਿਨ 10 ਲੱਖ ਕਿਲੋਗ੍ਰਾਮ ਦਹੀਂ ਅਤੇ ਹੋਰ ਡੇਰੀ ਉਤਪਾਦ ਤਿਆਰ ਕੀਤੇ ਜਾਣਗੇ। ਇਸ ਪਹਿਲਕਦਮੀ ਨਾਲ ਪੱਛਮੀ ਬੰਗਾਲ ਦੇ ਲਗਭਗ 1.25 ਲੱਖ ਛੋਟੇ ਡੇਰੀ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਲਾਭ ਮਿਲੇਗਾ, ਜਿਨ੍ਹਾਂ ਵਿੱਚ 30,000 ਤੋਂ ਵੱਧ ਔਰਤਾਂ ਸ਼ਾਮਲ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਪੱਛਮੀ ਬੰਗਾਲ ਕਦੇ ਸਿੱਖਿਆ, ਸੰਸਕ੍ਰਿਤੀ ਅਤੇ ਸੁਤੰਤਰਤਾ ਅੰਦੋਲਨ ਵਿੱਚ ਦੇਸ਼ ਦਾ ਮਾਰਗਦਰਸ਼ਕ ਹੁੰਦਾ ਸੀ, ਪਰ ਪਿਛਲੇ ਦਹਾਕਿਆਂ ਵਿੱਚ ਵਾਮ ਦਲਾਂ ਅਤੇ ਤ੍ਰਿਣਮੂਲ ਕਾਂਗਰਸ ਦੇ "ਕੁਸ਼ਾਸਨ" ਕਾਰਨ ਇਸ ਦਾ ਪਤਨ ਹੋਇਆ। ਉਨ੍ਹਾਂ ਦੋਸ਼ ਲਾਇਆ ਕਿ ਤ੍ਰਿਣਮੂਲ ਸਰਕਾਰ ਨੇ ਪਹਿਲਾਂ ਅਮੂਲ ਨੂੰ ਰਾਜ ਵਿੱਚ ਦਾਖਲ ਹੋਣ ਤੋਂ ਰੋਕਿਆ ਸੀ। ਸ਼ਾਹ ਨੇ ਕਿਹਾ, "ਉਸ ਸਮੇਂ ਮੈਨੂੰ ਕਿਹਾ ਗਿਆ ਸੀ ਕਿ ਗੁਜਰਾਤ ਨੂੰ ਰਾਜ ਵਿੱਚ ਆਉਣ ਨਹੀਂ ਦਿੱਤਾ ਜਾਵੇਗਾ, ਪਰ ਇਹ ਪ੍ਰੋਜੈਕਟ ਗੁਜਰਾਤ ਲਈ ਨਹੀਂ ਬਲਕਿ ਬੰਗਾਲ ਦੇ ਪਸ਼ੂ ਪਾਲਕਾਂ ਲਈ ਹੈ"।
ਅਮਿਤ ਸ਼ਾਹ ਨੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਪ੍ਰਾਜੈਕਟ ਲਈ ਤੁਰੰਤ ਮੁਫ਼ਤ ਜ਼ਮੀਨ ਉਪਲਬਧ ਕਰਵਾਈ ਹੈ। ਮੁੱਖ ਮੰਤਰੀ ਅਧਿਕਾਰੀ ਨੇ ਵੀ ਕਿਹਾ ਕਿ ਇਹ ਨਿਵੇਸ਼ ਸਰਕਾਰ ਬਦਲਣ ਤੋਂ ਬਾਅਦ ਉਦਯੋਗ ਜਗਤ ਦੇ ਵਧਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਆਪਣੇ ਤਿੰਨ ਦਿਨਾਂ ਦੌਰੇ ਦੇ ਅੰਤ 'ਤੇ ਸ਼ਾਹ ਨੇ ਦੱਸਿਆ ਕਿ ਕੇਂਦਰ ਅਤੇ ਰਾਜ ਸਰਕਾਰ ਨੇ ਘੁਸਪੈਠ ਰੋਕਣ, ਕਾਨੂੰਨ ਵਿਵਸਥਾ ਮਜ਼ਬੂਤ ਕਰਨ ਅਤੇ ਮਹਿਲਾਵਾਂ ਦੀ ਸੁਰੱਖਿਆ ਵਰਗੇ ਅਹਿਮ ਮੁੱਦਿਆਂ 'ਤੇ ਵਿਸਥਾਰਪੂਰਵਕ ਚਰਚਾ ਕੀਤੀ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਕੇਂਦਰ ਸਰਕਾਰ ਪਸ਼ੂ ਪਾਲਣ ਵਿਭਾਗ ਰਾਹੀਂ ਰਾਜ ਵਿੱਚ ਰੁਜ਼ਗਾਰ ਦੇ ਹੋਰ ਮੌਕੇ ਪੈਦਾ ਕਰਨ ਲਈ ਕੰਮ ਕਰੇਗੀ।