ਚੰਡੀਗੜ੍ਹ : ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪ੍ਰਿੰਸੀਪਲਾਂ ਦੀ ਬਹੁਤ ਕਮੀ ਹੈ। ਬਹੁਤ ਸਾਰੇ ਸਕੂਲ ਅਜਿਹੇ ਹਨ, ਜੋ ਬਿਨਾਂ ਪ੍ਰਿੰਸੀਪਲ ਦੇ ਹੀ ਚੱਲ ਰਹੇ ਹਨ। ਸੂਬੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪ੍ਰਿੰਸੀਪਲਾਂ ਦੀਆਂ ਕੁੱਲ 1927 ਪੋਸਟਾਂ ਹਨ, ਜਿਨ੍ਹਾਂ ਵਿਚੋਂ 856 ਪੋਸਟਾਂ ਖ਼ਾਲੀ ਪਈਆਂ ਹਨ।
ਡੈਮੋਕ੍ਰੈਟਿਕ ਟੀਚਰਜ਼ ਯੂਨੀਅਨ ਵੱਲੋਂ RTI ਪਾ ਕੇ ਇਸ ਸਬੰਧੀ ਜਾਣਕਾਰੀ ਕਢਵਾਈ ਗਈ ਹੈ। ਬਹੁਤ ਸਾਰੇ ਸੀਨੀਅਰ ਲੈਕਚਰਾਰ ਤਰੱਕੀਆਂ ਦੀ ਉਡੀਕ ਵਿਚ ਬੈਠੇ ਹਨ। ਕਈ ਲੈਕਚਰਾਰ ਤਾਂ ਤਰੱਕੀ ਦੀ ਉਡੀਕ ਕਰਦੇ ਕਰਦੇ ਹੁਣ ਸੇਵਾਮੁਕਤੀ ਦੇ ਕਰੀਬ ਪਹੁੰਚ ਗਏ ਹਨ, ਪਰ ਅਜੇ ਤਕ ਪ੍ਰਿੰਸੀਪਲ ਨਹੀਂ ਬਣ ਸਕੇ। ਲੈਕਚਰਾਰਾਂ ਮੁਤਾਬਕ ਸਿੱਖਿਆ ਵਿਭਾਗ ਨੇ ਉਨ੍ਹਾਂ ਨੂੰ ਵਾਅਦਾ ਕੀਤਾ ਸੀ ਕਿ 30 ਜੂਨ ਨੂੰ ਲੈਕਚਰਾਰਾਂ ਦੀ ਤਰੱਕੀ ਬਾਰੇ ਨੋਟੀਫ਼ਿਕੇਸ਼ਨ ਜਾਰੀ ਹੋ ਜਾਵੇਗਾ, ਪਰ ਅਜੇ ਤਕ ਵੀ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਬਠਿੰਡਾ 'ਚ ਸੱਭ ਤੋਂ ਵੱਧ 82 ਅਹੁਦੇ ਖ਼ਾਲੀ
ਜ਼ਿਲ੍ਹਾਵਾਰ ਅੰਕੜਿਆਂ ਅਨੁਸਾਰ, ਬਠਿੰਡਾ ਵਿਚ ਸਭ ਤੋਂ ਵੱਧ 82 ਪ੍ਰਿੰਸੀਪਲਾਂ ਦੇ ਅਹੁਦੇ ਖਾਲੀ ਹਨ। ਇਸੇ ਤਰ੍ਹਾਂ ਜਲੰਧਰ ਤੇ ਲੁਧਿਆਣਾ ਵਿਚ 69, ਮਾਨਸਾ 'ਚ 60, ਸੰਗਰੂਰ 'ਚ 57, ਮੋਗਾ ਤੇ ਹੁਸ਼ਿਆਰਪੁਰ ਵਿਚ 56-56 ਅਸਾਮੀਆਂ ਖ਼ਾਲੀ ਹਨ। ਇਹੀ ਹਾਲ ਸੂਬੇ ਦੇ ਬਾਕੀ ਜ਼ਿਲ੍ਹਿਆਂ ਦਾ ਵੀ ਹੈ।
ਕੁੱਲ ਅੰਕੜੇ:
ਕੁੱਲ ਅਹੁਦੇ: 1,927
ਭਰੇ ਹੋਏ: 1,071
ਖਾਲੀ: 856