ਲੁਧਿਆਣਾ : ਪੀ.ਐੱਮ. ਪੋਸ਼ਣ ਸਕੀਮ ਦੇ ਤਹਿਤ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਦੁਪਹਿਰ ਦੇ ਖਾਣੇ ਲਈ ਨਵਾਂ ਵੀਕਲੀ ਮੈਨਿਊ ਜਾਰੀ ਕਰ ਦਿੱਤਾ ਗਿਆ ਹੈ ਜੋ 31 ਅਕਤੂਬਰ ਤੱਕ ਲਾਗੂ ਰਹੇਗਾ। ਵਿਭਾਗ ਦੇ ਨਿਰਦੇਸ਼ਾਂ ਦੇ ਮੁਤਾਬਕ ਵਿਦਿਆਰਥੀਆਂ ਦੇ ਲਾਈਨ ਵਿਚ ਬਿਠਾ ਕੇ ਮਿਡ ਡੇ ਮੀਲ ਇੰਚਾਰਜ ਦੀ ਦੇਖਰੇਖ ਵਿਚ ਤੈਅ ਮੈਨਿਊ ਦੇ ਮੁਤਾਬਕ ਹੀ ਖਾਣਾ ਖਿਲਾਉਣਾ ਯਕੀਨੀ ਬਣਾਇਆ ਜਾਵੇ। ਜੇਕਰ ਕਿਸੇ ਸਕੂਲ ਵਿਚ ਮੈਨਿਊ ਦੇ ਮੁਤਾਬਕ ਖਾਣਾ ਨਹੀਂ ਬਣਦਾ ਜਾਂ ਨਿਰਦੇਸ਼ਾਂ ਦੀ ਉਲੰਘਣਾ ਹੁੰਦੀ ਹੈ ਤਾਂ ਇਸ ਦੀ ਸਿੱਧੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ।
ਇਸ ਦੇ ਨਾਲ ਹੀ ‘ਤੀਥੀ ਭੋਜਨ’ ਦੇ ਤਹਿਤ ਪਿੰਡ ਦੇ ਸਰਪੰਚ, ਦਾਨੀ ਸੱਜਣਾਂ ਜਾਂ ਹੋਰਨਾਂ ਪਤਵੰਤੇ ਲੋਕਾਂ ਦੇ ਸਹਿਯੋਗ ਨਾਲ ਕਿਸੇ ਵਿਸ਼ੇਸ਼ ਦਾਨ, ਤਿਉਹਾਰ ਜਾਂ ਪ੍ਰੋਗਰਾਮ ’ਤੇ ਵਿਦਿਆਰਥੀਆਂ ਨੂੰ ਦੁਪਹਿਰ ਦੇ ਖਾਣੇ ਦੇ ਨਾਲ ਸਪੈਸ਼ਲ ਖਾਣਾ, ਫਲ ਜਾਂ ਮਠਿਆਈ ਦੇਣ ਦੇ ਯਤਨ ਕਰਨ ਲਈ ਕਿਹਾ ਗਿਆ ਹੈ। ਜ਼ਿਲਾ ਸਿੱਖਿਆ ਅਧਿਕਾਰੀ (ਸੈਕੰਡਰੀ ਸਿੱਖਿਆ) ਨੇ ਸਾਰੇ ਸਕੂਲ ਮੁਖੀਆਂ ਨੂੰ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ।
ਇਸ ਤਰ੍ਹਾਂ ਰਹੇਗਾ ਵੀਕਲੀ ਮੈਨਿਊ
ਸੋਮਵਾਰ : ਮਾਹ-ਛੋਲਿਆਂ ਦੀ ਦਾਲ ਅਤੇ ਰੋਟੀ।
ਮੰਗਲਵਾਰ : ਰਾਜਮਾ, ਚੌਲ ਅਤੇ ਖੀਰ।
ਬੁੱਧਵਾਰ : ਕਾਲੇ ਛੋਲੇ/ਚਿੱਟੇ ਛੋਲੇ (ਆਲੂ ਮਿਲਾ ਕੇ) ਅਤੇ ਪੂਰੀ/ਰੋਟੀ।
ਵੀਰਵਾਰ : ਕੜ੍ਹੀ (ਆਲੂ ਅਤੇ ਪਿਆਜ ਦੇ ਪਕੌੜਿਆਂ ਸਮੇਤ) ਅਤੇ ਚੌਲ।
ਸ਼ੁੱਕਰਵਾਰ : ਮੌਸਮੀ ਸਬਜ਼ੀ ਅਤੇ ਰੋਟੀ।
ਸ਼ਨੀਵਾਰ : ਸਾਬਤ ਮਾਹ ਦੀ ਦਾਲ, ਚੌਲ ਅਤੇ ਮੌਸਮੀ ਫਲ।
ਪੂਰੇ ਹਫਤੇ ਵਿਚ ਕਿਸੇ ਵੀ ਇਕ ਦਿਨ ਵਿਦਿਆਰਥੀਆਂ ਨੂੰ ਮਿੱਠੇ ਵਜੋਂ ਖੀਰ ਦਿੱਤੀ ਜਾਵੇਗੀ।